25 ਸਤੰਬਰ ਨੂੰ ਪੰਜਾਬ ਬੰਦ ਦੀ ਸਫ਼ਲਤਾ ਲਈ ਕਿਸਾਨ ਜਥੇਬੰਦੀਆਂ ਕਰ ਰਹੀਆਂ ਜੰਗੀ ਪੱਧਰ 'ਤੇ ਤਿਆਰੀ
Sunday, Sep 20, 2020 - 04:48 PM (IST)
ਗੁਰਾਇਆ(ਮੁਨੀਸ਼ ਬਾਵਾ) - ਅੱਜ ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ‘ਚ 25 ਸਤੰਬਰ ਦੇ ਪੰਜਾਬ ਬੰਦ ਬਾਰੇ ਰੂਪ ਰੇਖਾ ਤਹਿ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਮੋਦੀ ਨੇ ਮੰਡੀਆਂ ਦਾ ਹਾਲ ਇਹੋ ਜਿਹਾ ਕਰ ਦੇਣਾ ਹੈ, ਜਿਵੇਂ ਮੌਜੂਦਾ ਸਮੇਂ ਸਰਕਾਰੀ ਸਕੂਲਾਂ ਦਾ ਹਾਲ ਹੋਇਆ ਪਿਆ ਹੈ। ਉਨ੍ਹਾ ਕਿਹਾ ਕਿ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਹੱਲਾਸ਼ੇਰੀ ਦੇ ਕੇ ਰੋਡਵੇਜ ਦਾ ਭੱਠਾ ਬਿਠਾ ਦਿੱਤਾ ਹੈ, ਇਸ ਤਰ੍ਹਾਂ ਹੀ ਪ੍ਰਾਈਵੇਟ ਪਲੇਅਰਾਂ ਨੂੰ ਸੱਦਾ ਦੇ ਕੇ ਕਿਸਾਨੀ ਦਾ ਲੱਕ ਤੋੜ ਦਿੱਤਾ ਜਾਵੇਗਾ, ਜਿਸ ਦੀ ਹਕੀਕੀ ਉਦਹਾਰਣ ਮੱਕੀ ਤੇ ਗੰਨੇ ਦੀ ਦੇਖੀ ਜਾ ਸਕਦੀ ਹੈ।
ਸੰਧੂ ਨੇ ਕਿਹਾ ਕਿ ਇਨ੍ਹਾਂ ਬਿਲਾਂ ਨਾਲ ਸਿਰਫ ਕਿਸਾਨੀ ਨੂੰ ਹੀ ਨਹੀ ਸਗੋਂ ਇਸ ਦਾ ਅਸਰ ਦੁਕਾਨਦਾਰਾਂ ਸਮੇਤ ਸਾਰੇ ਵਰਗਾਂ ‘ਤੇ ਪਵੇਗਾ। ਉਨ੍ਹਾ ਕਿਹਾ ਕਿ ਪਹਿਲੀ ਵਾਰ ਪੰਜਾਬ ‘ਚ 31 ਕਿਸਾਨ ਜਥੇਬੰਦੀਆਂ ਸਾਂਝੇ ਮੋਰਚੇ ‘ਚ ਸ਼ਾਮਲ ਹੋਈਆਂ ਹਨ, ਜਿਨ੍ਹਾਂ ਵਲੋਂ 24 ਤੋਂ 26 ਰੇਲ ਰੋਕਣ ਸਮੇਤ 25 ਨੂੰ ਪੰਜਾਬ ਬੰਦ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੇ ਲੋਕਾਂ ਦਾ ਸੁਨੇਹਾ ਕੇਂਦਰ ਤੱਕ ਪੁੱਜ ਸਕੇ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨਹੋਰ ਸਿੰਘ ਗਿੱਲ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਆਰਐਮਪੀਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ਼ਿਵ ਤਿਵਾੜੀ, ਨਿਰਮਲ ਆਧੀ, ਨਿਰਮਲ ਮਲਸੀਆਂ, ਕੁਲਦੀਪ ਫਿਲੌਰ, ਸ਼ਿੰਗਾਰਾ ਸਿੰਘ ਦੁਸਾਂਝ, ਰਾਮ ਸਿੰਘ ਕੈਮਵਾਲਾ, ਮੇਜਰ ਫਿਲੌਰ, ਮੱਖਣ ਸੰਗਰਾਮੀ, ਦਲਵਿੰਦਰ ਕੁਲਾਰ, ਸੁਖਦੇਵ ਦੱਤ ਬਾਂਕਾ, ਸੁਨੀਲ ਭੈਣੀ, ਮੰਗਾ ਸੰਗੋਵਾਲ, ਸਰਬਜੀਤ ਗੋਗਾ, ਜਸਵੀਰ ਭੋਲੀ, ਅਮ੍ਰਿੰਤ ਨੰਗਲ, ਰਾਮੂ ਦੁਸਾਂਝ, ਭਰਪੂਰ ਸਿੰਘ ਭੂਰਾ ਆਦਿ ਹਾਜ਼ਰ ਸਨ।