ਕਿਸਾਨ ਜਥੇਬੰਧੀਆਂ ਨੇ ਐੱਸ.ਡੀ.ਐੱਮ ਦਫ਼ਤਰ ਅਜਨਾਲਾ ਸਾਹਮਣੇ ਦਿੱਤਾ ਰੋਸ ਧਰਨਾ
Wednesday, Oct 27, 2021 - 02:48 PM (IST)
ਅਜਨਾਲਾ (ਗੁਰਜੰਟ) - ਯੂ.ਪੀ ਵਿਖੇ ਲਖੀਮਪੁਰ ਖੇੜੀ ’ਚ ਹੋਏ ਕਿਸਾਨੀ ਕਤਲੇਅਮ ਅਤੇ ਪੰਜਾਬ ’ਚ ਗੜ੍ਹੇਮਾਰੀ ਕਾਰਨ ਝੋਨੇ ਦੀ ਤਬਾਹ ਹੋਈ ਫ਼ਸਲ ’ਤੇ ਡੀ.ਏ.ਪੀ ਖਾਦ ਦੀ ਕਿੱਲਤ ਨੂੰ ਲੈ ਕੇ ਅੱਜ ਕਿਰਤੀ ਕਿਸਾਨ ਯੂਨੀਅਨ ਪੰਜਾਬ, ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਅਜਨਾਲਾ ਐੱਸ.ਡੀ.ਐੱਮ ਦਫ਼ਤਰ ਦੇ ਬਹਾਰ ਰੋਸ ਧਰਨਾ ਦਿੱਤਾ ਗਿਆ। ਸਮੂਹ ਯੂਨੀਅਨਾਂ ਦੇ ਆਗੂਆਂ ਵੱਲੋਂ ਲਖੀਮਪੁਰ ਖੇੜੀ ਘਟਨਾ ਸੰਬੰਧੀ ਰਾਸ਼ਟਰਪਤੀ ਦੇ ਨਾਂ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੰਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਐੱਸ.ਡੀ.ਐੱਮ ਅਜਨਾਲਾ ਨੂੰ ਦਿੱਤੇ ਮੰਗ ਪੱਤਰ ਗਿਆ।
ਐੱਸ.ਡੀ.ਐੱਮ ਨੂੰ ਦਿੱਤੇ ਮੰਗ ਪੱਤਰ ਮੁਤਾਬਕ ਉਨ੍ਹਾਂ ਕਿਹਾ ਕਿ ਲਖੀਮਪੁਰ ਖੇੜੀ ਕਿਸਾਨ ਕਤਲੇਆਮ ਵਾਪਰੇ ਨੂੰ ਕਰੀਬ 3 ਹਫ਼ਤਿਆ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ। ਜਿਸ ਤਰੀਕੇ ਨਾਲ ਇਸ ਕੇਸ ਦੀ ਜਾਂਚ ਹੋ ਰਹੀ ਹੈ, ਉਸ ਨੂੰ ਪੂਰਾ ਦੇਸ਼ ਨਿਰਾਸ਼ਾ ਅਤੇ ਗੁੱਸੇ ਨਾਲ ਦੇਖ ਰਿਹਾ ਹੈ। ਪੂਰਨ ਤੌਰ ’ਤੇ ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਵਾਲੀ ਨੈਤਿਕ ਜ਼ਿੰਮੇਵਾਰੀ ਦੀ ਘਾਟ ਤੋਂ ਹੈਰਾਨ ਹਨ, ਕਿਉਂਕਿ ਇਸ ਘਟਨਾ ਦੇ ਕਸੂਰਵਾਰ ਅਜੈ ਮਿਸ਼ਰਾ ਟੈਨੀ ਹੁਣ ਤੱਕ ਮੰਤਰੀ ਮੰਡਲ ਵਿਚ ਰਾਜ ਮੰਤਰੀ ਬਣੇ ਹੋਏ ਹਨ। ਸਿੱਟ ਵੱਲੋਂ ਦੋਸ਼ੀ ਨੂੰ ਸੰਮਨ ਜਾਰੀ ਕੀਤੇ ਜਾਣ ਤੋਂ ਬਾਅਦ ਮੁੱਖ ਦੋਸ਼ੀ-ਮੰਤਰੀ ਦੇ ਪੁੱਤਰ ਅਤੇ ਉਸਦੇ ਸਾਥੀਆਂ ਨੂੰ ਵੀ ਪਨਾਹ ਦਿੱਤੀ ਅਤੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਨਿਆਂਇਕ/ਪੁਲਸ ਹਿਰਾਸਤ ਵਿਚ ਬੰਦ ਮੁਲਜ਼ਮ ਵੀ.ਆਈ.ਪੀ ਤਰੀਕੇ ਨਾਲ ਰਹਿ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਸੰਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਮੁਤਾਬਕ ਮੰਗ ਕਰਦੇ ਹਾਂ ਕਿ ਕੇਂਦਰ ਗ੍ਰਹਿ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਤਰੁੰਤ ਮੰਤਰੀ ਮੰਡਲ ’ਚ ਬਰਖ਼ਾਸਤ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ। ਇਸ ਘਟਨਾ ਦੀ ਜਾਂਚ ਸੁਪਰੀਮ ਕੋਰਟ ਦੀ ਸਿੱਧੀ ਨਿਗਰਾਨੀ ਹੇਠ ਇੱਕ ਸਿੱਟ ਦੁਆਰਾ ਕਰਵਾਈ ਜਾਵੇ। ਇਸ ਮੌਕੇ ਸਮੂਹ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਆਪਣੇ ਹੱਕਾਂ ਦੀ ਮੰਗ ਕਰਦਿਆ ਕਿਹਾ ਕਿ ਪਿਛਲੇ ਕਰੀਬ 1 ਸਾਲ ਤੋਂ ਪੰਜਾਬ ਦਾ ਕਿਸਾਨ ਖੇਤੀ ਬਿੱਲਾਂ ਦੇ ਵਿਰੋਧ ਵਿਚ ਦਿੱਲੀ ਦੀਆਂ ਸੜਕਾਂ ’ਤੇ ਬੈਠਾ ਅੰਦੋਲਨ ਕਰ ਰਿਹਾ ਹੈ, ਜਿਸ ਦੇ ਚਲਦਿਆ ਕਿਸਾਨਾਂ ਨੂੰ ਆਪਣੀ ਫ਼ਸਲ ਬੀਜ਼ਣ, ਵੱਡਣ ਅਤੇ ਵੇਚਣ ਨੂੰ ਲੈ ਕੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਜਿਹੀ ਹਾਲਤ ਵਿਚ ਬੀਤੇ ਦਿਨੀ ਹੋਈ ਭਾਰੀ ਬਾਰਿਸ਼ ਤੇ ਗੜ੍ਹੇਮਾਰੀ ਨੇ ਕਿਸਾਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਜਿਸ ਸੰਬੰਧੀ ਪੰਜਾਬ ਸਰਕਾਰ ਨੂੰ ਗੜ੍ਹੇਮਾਰੀ ਅਤੇ ਗੁਲਾਬੀ ਸੁੰਢੀ ਨਾਲ ਬਰਬਾਦ ਹੋਈਆਂ ਫ਼ਸਲਾਂ ਸੰਬੰਧੀ ਤਰੁੰਤ ਪ੍ਰਭਾਵਿਤ ਖੇਤਰਾਂ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਝਾੜ ਦੇ ਮੁਤਾਬਕ ਬਣਦਾ ਮੁਆਵਜਾ ਦਿੱਤਾ ਜਾਵੇ ਅਤੇ ਕਣਕ ਸਮੇਤ ਹੋਰ ਫ਼ਸਲਾਂ ਦੀ ਬਿਜਾਈ ਲਈ ਪੇਂਡੂ ਖੇਤਰਾਂ ਦੇ ਸਰਕਾਰੀ ਅਦਾਰਿਆ ਰਾਹੀ ਡੀ.ਏ.ਪੀ ਖਾਦ ਸਬਸਿਡੀ ਤੇ ਮੁਹਾਈਆ ਕਰਵਾਈ ਜਾਵੇ। ਇਸ ਮੌਕੇ ਧੰਨਵੰਤ ਸਿੰਘ ਖਤਰਾਏ ਕਲ੍ਹਾਂ, ਹੁਸ਼ਿਆਰ ਸਿੰਘ ਝੰਡੇਰ, ਵਿਜੈ ਧਾਰੀਵਾਲ, ਸੁਖਦੇਵ ਸਿੰਘ ਡੱਬਰ, ਸੁਖਦੀਪ ਸਿੰਘ ਛੀਨਾ, ਅਵਤਾਰ ਸਿੰਘ ਜੱਸੜ ਆਦਿ ਕਿਸਾਨ ਹਾਜ਼ਰ ਸਨ।