ਕਿਸਾਨਾਂ ਵੱਲੋਂ ਮੋਦੀ ਨੂੰ 2000 ਰੁਪਏ ਵਾਪਸ ਕਰਨ ਦੀ ਪੇਸ਼ਕਸ਼
Tuesday, Dec 29, 2020 - 10:00 AM (IST)
ਈਸੜੂ (ਬੈਨੀਪਾਲ) : ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕੜਾਕੇ ਦੀ ਠੰਡ ਦੇ ਬਾਵਜੂਦ ਪਿਛਲੇ ਇਕ ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ’ਤੇ ਡਟੇ ਕਿਸਾਨਾਂ ਦੀਆਂ ਮੰਗਾਂ ਪ੍ਰਧਾਨ ਨਰਿੰਦਰ ਮੋਦੀ ਵੱਲੋਂ ਨਹੀਂ ਮੰਨੀਆਂ ਜਾ ਰਹੀਆਂ ਹਨ। ਮੰਗਾਂ ਮੰਨਣ ਦੀ ਥਾਂ ਪ੍ਰਧਾਨ ਮੰਤਰੀ ਵੱਲੋਂ 2 ਸਾਲ ਪਹਿਲਾਂ ਚਲਾਈ ਯੋਜਨਾ ਨੂੰ ਮੁੜ ਪ੍ਰਚਾਰ ਕੇ 4 ਮਹੀਨਿਆਂ ਬਾਅਦ 2000 ਰੁਪਏ ਕਿਸਾਨਾਂ ਦੇ ਖਾਤੇ ’ਚ ਪਾਉਣ ਦਾ ਜਿਹੜਾ ਡਰਾਮਾ ਰਚਿਆ ਜਾ ਰਿਹਾ ਹੈ, ਉਹ 2000 ਰੁਪਏ ਸਾਨੂੰ ਨਹੀਂ ਚਾਹੀਦੇ ਅਤੇ ਉਹ ਇਹ ਪੈਸੇ ਮੋਦੀ ਸਰਕਾਰ ਨੂੰ ਵਾਪਸ ਕਰਨ ਲਈ ਅਸੀਂ ਪੇਸ਼ਕਸ਼ ਕਰਦੇ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਤੁਰਮਰੀ ਜ਼ੋਨ ਇੰਚਾਰਜ ਸਰਪੰਚ ਭਾਨ ਸਿੰਘ ਤੁਰਮਰੀ ਅਤੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਤੁਰਮਰੀ ਨੇ ਕਿਸਾਨਾਂ ਨਾਲ ਮੀਟਿੰਗ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਾਥੋਂ 2000 ਰੁਪਏ ਵਾਪਸ ਲੈ ਲਵੇ ਅਤੇ ਜੋ ਕਾਲੇ ਕਾਨੂੰਨ ਉਨ੍ਹਾਂ ਪਾਸ ਕੀਤੇ ਹਨ, ਉਨ੍ਹਾਂ ਨੂੰ ਤੁਰੰਤ ਰੱਦ ਕਰੇ। ਇਸ ਮੌਕੇ ਪੰਚ ਹਰਪ੍ਰੀਤ ਸਿੰਘ ਤੁਰਮਰੀ, ਪੰਚ ਪਰਮਿੰਦਰ ਸਿੰਘ, ਪੰਚ ਸੁੱਚਾ ਸਿੰਘ, ਬਹਾਦਰ ਸਿੰਘ ਤੁਰਮਰੀ, ਸੁਰਜੀਤ ਸਿੰਘ, ਲਖਵੀਰ ਸਿੰਘ ਜੱਸਾ ਬੌਪੁਰ ਤੇ ਕਾਕਾ ਜੋਬਨਪ੍ਰੀਤ ਸਿੰਘ ਮੰਡੇਰ ਸਮੇਤ ਹੋਰ ਹਾਜ਼ਰ ਸਨ।