ਡਾਵਾਂਡੋਲ ਹੋਏ ਕਿਸਾਨੀ ਘੋਲ ਨੂੰ ਇਨ੍ਹਾਂ ਦੋ ਵਾਇਰਲ ਤਸਵੀਰਾਂ ਨੇ ਮੁੜ ਤੋਂ ਦਿੱਤੀ ‘ਨਵੀਂ ਦਿਸ਼ਾ’
Monday, Feb 01, 2021 - 01:34 PM (IST)
ਤਲਵੰਡੀ ਭਾਈ (ਬੇਦੀ) - ਵੱਖ-ਵੱਖ ਤਰ੍ਹਾਂ ਦੇ ਉਤਰਾਅ-ਚੜ੍ਹਾਅ ਤੋਂ ਗੁਜਰ ਰਿਹਾ ਕਿਸਾਨ ਅੰਦੋਲਨ ਇਸ ਹਫ਼ਤੇ ਦੇ ਅਖੀਰ ਤੱਕ ਮੁੜ ਤੋਂ ਲੀਹੇ ਪੈਂਦਾ ਦਿਖਾਈ ਦੇ ਰਿਹਾ ਹੈ। ਹਫ਼ਤੇ ਦੇ ਅਖੀਰਲੇ ਦਿਨਾਂ ’ਚ ਸੋਸ਼ਲ ਮੀਡੀਆਂ ’ਤੇ ਸਭ ਤੋਂ ਵੱਧ ਵਾਇਰਲ ਹੋਈਆਂ ਦੋ ਤਸਵੀਰਾਂ, ਪਹਿਲੀ ਤਸਵੀਰ ’ਚ ਹੰਝੂ ਵਹਾ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਆਗੂ ਰਾਕੇਸ਼ ਟਿਕੈਤ ਅਤੇ ਦੂਜੀ ਤਸਵੀਰ ਖੂਨ ਨਾਲ ਲੱਥ-ਪੱਥ ਜ਼ਖਮੀ ਹੋਣ ਦੇ ਬਾਵਜੂਦ ਮੁਸਕਰਾ ਰਹੇ ਸਿੱਖ ਨੌਜਵਾਨ ਦੀ ਹੈ।
ਪੜ੍ਹੋ ਇਹ ਵੀ ਖ਼ਬਰ - ਇੱਕ ਹੋਰ ਵਿਆਹ ਨੂੰ ਚੜ੍ਹਿਆ ਕਿਸਾਨੀ ਅੰਦੋਲਨ ਦਾ ਰੰਗ, ਮਰਸਡੀ ਛੱਡ ਟਰੈਕਟਰ 'ਤੇ ਡੋਲੀ ਲੈਣ ਤੁਰਿਆ ਲਾੜਾ (ਤਸਵੀਰਾਂ)
ਜ਼ਿਕਰਯੋਗ ਹੈ ਕਿ ਪੰਜਾਬ ਤੋਂ ਸ਼ੁਰੂ ਹੋ ਕੇ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਚੱਲ ਰਿਹਾ ਕਿਸਾਨ ਅੰਦੋਲਨ 25 ਜਨਵਰੀ ਤੋਂ ਪਹਿਲਾਂ ਦਿੱਲੀ ’ਚ ਹੋਣ ਵਾਲੀ ‘ਕਿਸਾਨ ਟਰੈਕਟਰ ਪਰੇਡ’ ਨੂੰ ਲੈ ਕੇ ਪੂਰੇ ਜਾਹੋ-ਜਲਾਲ ’ਚ ਦਿਸ ਰਿਹਾ ਸੀ ਪਰ 26 ਜਨਵਰੀ ਨੂੰ ਹੋਈ ਹਿੰਸਕ ਘਟਨਾ ਉਪਰੰਤ ਕਿਸਾਨ ਅੰਦੋਲਨ ਉਪਰ ਸਵਾਲ ਉੱਠਣ ਲੱਗੇ ਸਨ। ਕੇਂਦਰ ਸਰਕਾਰ ਵੱਲੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਡਟੇ ਕਿਸਾਨਾਂ ਨੂੰ ਉਠਾਉਣ ਲਈ ਪੁਲਸ ਬਲ ਦਾ ਪ੍ਰਯੋਗ ਕਰਦੇ ਹੋਏ ਕਿਸਾਨਾਂ ਨੂੰ ਖਦੇੜਣ ਦੀ ਰਣਨੀਤੀ ਤਿਆਰ ਕਰ ਲਈ ਗਈ ਸੀ ਅਤੇ 27-28 ਜਨਵਰੀ ਦੀ ਸ਼ਾਮ ਤੱਕ ਕਿਸਾਨ ਅੰਦੋਲਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਉੱਡੀਆਂ।
ਪੜ੍ਹੋ ਇਹ ਵੀ ਖ਼ਬਰ - ਲੱਖਾ ਦੇ ਹੱਕ ’ਚ ਨਿੱਤਰੇ ਪਿੰਡ ਵਾਸੀ, ਕਿਹਾ, ‘ਜੇ ਲੱਖਾ ਗੱਦਾਰ ਤਾਂ ਅਸੀਂ ਗੱਦਾਰ’
ਦੂਜੇ ਪਾਸੇ ਗਾਜ਼ੀਪੁਰ ਬਾਰਡਰ ’ਤੇ ਆਪਣੇ ਸਮਰਥਕਾਂ ਨਾਲ ਡਟੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਆਗੂ ਰਾਕੇਸ਼ ਟਿਕੈਤ ਦੀ 28 ਜਨਵਰੀ ਦੀ ਰਾਤ ਨੂੰ ਹੰਝੂ ਵਹਾਉਂਦਿਆਂ ਦੀ ਵੀਡੀਓ ਵਾਇਰਲ ਹੋ ਗਈ। ਵਾਇਰਲ ਹੋਈ ਇਸ ਵੀਡੀਓ ਉਪਰੰਤ ਗਾਜ਼ੀਪੁਰ ਬਾਰਡਰ ’ਤੇ ਲੋਕਾਂ ਦਾ ਹੜ੍ਹ ਆਉਣਾ ਸ਼ੁਰੂ ਹੋ ਗਿਆ ਅਤੇ ਕਮਜ਼ੋਰੀ ਦੀ ਨਿਸ਼ਾਨੀ ਸਮਝੇ ਜਾਣ ਵਾਲੇ ਹੰਝੂਆਂ ਨੇ ਕਿਸਾਨ ਅੰਦੋਲਨ ਨੂੰ ਮੁੜ ਤੋਂ ਇਕ ਨਵੀਂ ਤਾਕਤ ਬਖਸ਼ੀ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਜੇਕਰ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਬੀਤੇ ਦਿਨੀਂ ਸਿੰਘੂ ਬਾਰਡਰ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ’ਤੇ ਹੋਈ ਪੱਥਰਬਾਜ਼ੀ ਅਤੇ ਪੁਲਸ ਬਲ ਨਾਲ ਹੋਈ ਝੜਪ ’ਚ ਖੂਨ ਨਾਲ ਲੱਥ-ਪੱਥ ਜ਼ਖਮੀ ਹੋਏ ਖੁੱਲੇ ਕੇਸਾਂ ਵਾਲੇ ਸਿੱਖ ਨੌਜਵਾਨ ਦੀਆਂ ਮੁਸਕਰਾਉਂਦੇ ਹੋਏ ਦੀਆਂ ਵਾਇਰਲ ਤਸਵੀਰਾਂ ਅਤੇ ਵੀਡੀਓ ਨੇ ਸੋਸ਼ਲ ਮੀਡੀਆਂ ’ਤੇ ਕਾਫੀ ਲੋਕਪ੍ਰਿਅਤਾ ਹਾਸਲ ਕੀਤੀ। ਪਿੰਡ ਪੰਧੇਰ ਦੇ ਵਾਸੀ ਜੱਗੀ ਸਿੰਘ ਪੰਧੇਰ ਜਿਸ ਦੇ ਸਿਰ ’ਚੋਂ ਖੂਨ ਵਹਿ ਰਿਹਾ ਹੈ ਪਰ ਇਸ ਦੇ ਬਾਵਜੂਦ ਉਹ ਮੁਸਕਰਾ ਰਿਹਾ ਹੈ, ਚੜ੍ਹਦੀ ਕਲਾ ਦੀ ਸਬੂਤ ਦਿੰਦੀ ਇਸ ਤਸਵੀਰ ਨੂੰ ਲੋਕਾਂ ਵੱਲੋਂ ਵੱਧ ਤੋਂ ਵੱਧ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਸਭ ਦੇ ਚੱਲਦਿਆਂ ਹਫ਼ਤੇ ਦੇ ਅਖੀਰ ਤੱਕ ਉਕਤ ਦੋ ਘਟਨਾਵਾਂ ਨੇ ਕਿਸਾਨ ਅੰਦੋਲਨ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। ਇਸ ਉਪਰੰਤ ਲੋਕਾਂ ਦੇ ਵੱਡੇ ਕਾਫਲੇ ਦਿੱਲੀ ਵੱਲ ਜਾਣ ਲੱਗੇ ਹਨ ਅਤੇ ਲੋਕਾਂ ਦੀ ਇਕੋਂ ਆਵਾਜ਼ ਹੈ ਕਿ ‘ਕਾਲੇ ਖੇਤੀ ਕਾਨੂੰਨ’ ਰੱਦ ਕਰਵਾ ਕੇ ਹੀ ਵਾਪਸ ਆਵਾਂਗੇ।
ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼