ਕਿਸਾਨ ਅੰਦੋਲਨ ਨੇ ਇਕ ਹਫ਼ਤੇ ’ਚ ਬਦਲੀ ਪੰਜਾਬ ਦੀ ਸਿਆਸੀ ਤਸਵੀਰ, ਪਹਿਲੀ ਵਾਰ ਬਹੁਕੋਣੀ ਮੁਕਾਬਲੇ ਦੇ ਆਸਾਰ

Thursday, Feb 15, 2024 - 06:56 PM (IST)

ਕਿਸਾਨ ਅੰਦੋਲਨ ਨੇ ਇਕ ਹਫ਼ਤੇ ’ਚ ਬਦਲੀ ਪੰਜਾਬ ਦੀ ਸਿਆਸੀ ਤਸਵੀਰ, ਪਹਿਲੀ ਵਾਰ ਬਹੁਕੋਣੀ ਮੁਕਾਬਲੇ ਦੇ ਆਸਾਰ

ਜਲੰਧਰ (ਵਿਸ਼ੇਸ਼)–ਪੰਜਾਬ ਦੀਆਂ ਹੱਦਾਂ ’ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੇ ਇਕ ਹਫ਼ਤੇ ਅੰਦਰ ਪੰਜਾਬ ਦੀ ਸਿਆਸੀ ਤਸਵੀਰ ਬਦਲ ਕੇ ਰੱਖ ਦਿੱਤੀ ਹੈ। ਇਕ ਹਫ਼ਤਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਮੁੜ ਗਠਜੋੜ ਦੀਆਂ ਖ਼ਬਰਾਂ ਸੁਰਖੀਆਂ ਵਿਚ ਸਨ ਅਤੇ ਲੱਗ ਰਿਹਾ ਸੀ ਕਿ ਇਹ ਗਠਜੋੜ ਹੋਣ ਤੋਂ ਬਾਅਦ ਇਕ ਵਾਰ ਮੁੜ ਲੋਕ ਸਭਾ ਚੋਣਾਂ ਵਿਚ ਵਿਰੋਧੀ ਧਿਰ ’ਤੇ ਭਾਰੀ ਪਵੇਗਾ ਕਿਉਂਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਖ-ਵੱਖ ਚੋਣ ਲੜਨ ਦਾ ਐਲਾਨ ਕਰ ਚੁੱਕੀਆਂ ਹਨ। ਇਸ ਲਈ ਦੋਵਾਂ ਪਾਰਟੀਆਂ ਦੇ ਇਕੱਠੇ ਆਉਣ ਨਾਲ ਪੰਜਾਬ ’ਚ ਕਲੀਨ ਸਵੀਪ ਵਰਗੀ ਸਥਿਤੀ ਨਜ਼ਰ ਆ ਰਹੀ ਸੀ ਪਰ ਕਿਸਾਨ ਅੰਦੋਲਨ ਦੇ ਦੂਜੇ ਹੀ ਦਿਨ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਬੈਠਕ ਚੰਡੀਗੜ੍ਹ ਵਿਚ ਸੱਦ ਲਈ ਹੈ। ਇਸ ਵਿਚਾਲੇ ਪੰਜਾਬ ਦੇ ਬਦਲੇ ਸਿਆਸੀ ਘਟਨਾਚੱਕਰ ਦੌਰਾਨ ਬਹੁਜਨ ਸਮਾਜ ਪਾਰਟੀ ਨੇ ਵੀ ਅਕਾਲੀ ਦਲ ਦਾ ਸਾਥ ਛੱਡ ਦਿੱਤਾ ਹੈ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਫਿਲਹਾਲ ਤਸਵੀਰ ਇਹ ਹੈ ਕਿ 5 ਪਾਰਟੀਆਂ ਵੱਖ-ਵੱਖ ਤੌਰ ’ਤੇ ਚੋਣ ਮੈਦਾਨ ਵਿਚ ਉਤਰਨਗੀਆਂ। ਇਨ੍ਹਾਂ ਵਿਚ ਇਕੱਲੀ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ, ਜੋ ਖੇਤਰੀ ਪਾਰਟੀ ਹੈ, ਜਦੋਂਕਿ ਬਾਕੀ 4 ਪਾਰਟੀਆਂ (ਕਾਂਗਰਸ, ਭਾਜਪਾ, ਬਸਪਾ ਅਤੇ ਆਮ ਆਦਮੀ ਪਾਰਟੀ) ਕੌਮੀ ਪਾਰਟੀਆਂ ਹਨ।

26 ਸਾਲ ਬਾਅਦ ਵੱਖ-ਵੱਖ ਲੋਕ ਸਭਾ ਚੋਣ ਲੜਨਗੇ ਅਕਾਲੀ-ਭਾਜਪਾ
ਕਿਸਾਨ ਅੰਦੋਲਨ ਨੂੰ ਵੇਖਦਿਆਂ ਅਕਾਲੀ ਦਲ ਨੇ ਫਿਲਹਾਲ ਗਠਜੋੜ ਤੋਂ ਪੈਰ ਪਿੱਛੇ ਖਿੱਚ ਲਏ ਹਨ ਅਤੇ ਹੁਣ ਪੰਜਾਬ ਦੀ ਸਥਿਤੀ ਇਹ ਹੋ ਗਈ ਹੈ ਕਿ ਅਕਾਲੀ ਦਲ ਅਤੇ ਭਾਜਪਾ ਵੀ ਗਠਜੋੜ ਵਿਚ ਨਹੀਂ ਜਾ ਸਕਣਗੇ। 1998 ਤੋਂ ਬਾਅਦ ਪੰਜਾਬ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਅਕਾਲੀ ਦਲ ਤੇ ਭਾਜਪਾ ਲੋਕ ਸਭਾ ਦੀ ਚੋਣ ਵੱਖ-ਵੱਖ ਲੜਨਗੇ। ਇਸ ਤੋਂ ਪਹਿਲਾਂ ਦੋਵਾਂ ਪਾਰਟੀਆਂ ਨੇ ਵਿਧਾਨ ਸਭਾ ਦੀ ਚੋਣ ਵੀ 2022 ’ਚ ਵੱਖ-ਵੱਖ ਲੜੀ ਸੀ ਪਰ ਇਸ ਚੋਣ ਵਿਚ ਦੋਵਾਂ ਦੀ ਵੋਟ ਵੰਡੇ ਜਾਣ ਨਾਲ ਆਮ ਆਦਮੀ ਪਾਰਟੀ ਨੂੰ ਬੰਪਰ ਬਹੁਮਤ ਹਾਸਲ ਹੋ ਗਿਆ ਸੀ।ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਮਿਲ ਕੇ ਚੋਣ ਲੜੀ ਸੀ ਅਤੇ ਉਸ ਚੋਣ ਦੌਰਾਨ ਦੋਵਾਂ ਪਾਰਟੀਆਂ ਨੂੰ ਲੋਕ ਸਭਾ ਦੀਆਂ 4 ਸੀਟਾਂ ਹਾਸਲ ਹੋਈਆਂ ਸਨ, ਜਦੋਂਕਿ ਇਕ ਸੀਟ ਆਮ ਆਦਮੀ ਪਾਰਟੀ ਅਤੇ 8 ਸੀਟਾਂ ਕਾਂਗਰਸ ਦੇ ਖਾਤੇ ਵਿਚ ਗਈਆਂ ਸਨ।

ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਲਾਨ, ਪੰਜਾਬ ਦੇ ਟੋਲ ਪਲਾਜ਼ੇ ਕਰ ਦਿੱਤੇ ਫਰੀ

ਬਹੁਕੋਣੀ ਮੁਕਾਬਲੇ ’ਚ ਭਾਜਪਾ ਨੂੰ ਫਾਇਦਾ
ਪੰਜਾਬ ’ਚ ਪਹਿਲੀ ਵਾਰ ਹੋਣ ਜਾ ਰਹੇ ਲੋਕ ਸਭਾ ਚੋਣਾਂ ਦੇ ਸੰਭਾਵਤ ਬਹੁਕੋਣੀ ਮੁਕਾਬਲੇ ਵਿਚ ਭਾਰਤੀ ਜਨਤਾ ਪਾਰਟੀ ਨੂੰ ਯਕੀਨੀ ਤੌਰ ’ਤੇ ਫਾਇਦਾ ਹੋ ਸਕਦਾ ਹੈ। 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ ਹਿੰਦੂ ਆਬਾਦੀ 38 ਫੀਸਦੀ ਦੇ ਲਗਭਗ ਹੈ ਅਤੇ ਜੇ ਪੰਜਾਬ ਵਿਚ ਭਾਜਪਾ ਦਾ ਰਾਮ ਮੰਦਰ ਦਾ ਮੁੱਦਾ ਹਿੱਟ ਹੋਇਆ ਅਤੇ ਹਿੰਦੂ ਵੋਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਇਕਜੁੱਟ ਹੋਇਆ ਤਾਂ ਯਕੀਨੀ ਤੌਰ ’ਤੇ ਇਸ ਦਾ ਫਾਇਦਾ ਭਾਜਪਾ ਨੂੰ ਮਿਲੇਗਾ। ਹਾਲਾਂਕਿ ਇਤਿਹਾਸਕ ਤੌਰ ’ਤੇ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਸਹਿਯੋਗ ਨਾਲ ਹੀ ਜਿੱਤਦੀ ਰਹੀ ਹੈ ਅਤੇ ਉਸ ਦਾ ਆਪਣਾ ਵੋਟ ਸ਼ੇਅਰ ਲੋਕ ਸਭਾ ਚੋਣਾਂ ਦੌਰਾਨ 10 ਫ਼ੀਸਦੀ ਦੇ ਆਸਪਾਸ ਹੀ ਰਹਿੰਦਾ ਹੈ ਪਰ ਪਿਛਲੇ ਸਾਲ ਹੋਈਆਂ ਜਲੰਧਰ ਲੋਕ ਸਭਾ ਦੀਆਂ ਉਪ-ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਆਪਣੇ ਦਮ ’ਤੇ ਇਕੱਲਿਆਂ ਚੋਣ ਲੜ ਕੇ 15 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਸਨ। ਅਜਿਹਾ ਉਸ ਵੇਲੇ ਹੋਇਆ ਜਦੋਂ ਸਿਰਫ ਇਕ ਸੀਟ ਦੀ ਉਪ-ਚੋਣ ਸੀ ਅਤੇ ਇਸ ਉਪ-ਚੋਣ ਨਾਲ ਕੇਂਦਰ ਸਰਕਾਰ ’ਚ ਕੋਈ ਤਬਦੀਲੀ ਨਹੀਂ ਆਉਣ ਵਾਲੀ ਸੀ ਪਰ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੋਟਰ ਦੇ ਮਨ ਵਿਚ ਇਹ ਗੱਲ ਵੀ ਹੋਵੇਗੀ ਕਿ ਉਸ ਦੀ ਵੋਟ ਹੁਣ ਕੇਂਦਰ ਸਰਕਾਰ ਦੇ ਗਠਨ ’ਚ ਅਹਿਮ ਰਹੇਗੀ।

ਦੋਆਬਾ ਦੀਆਂ ਸੀਟਾਂ ’ਤੇ ਗਣਿਤ ਵਿਗਾੜ ਸਕਦੀ ਹੈ ਬਸਪਾ
ਅਕਾਲੀ ਦਲ ਤੋਂ ਵੱਖ ਹੋਈ ਬਹੁਜਨ ਸਮਾਜ ਪਾਰਟੀ ਦਾ ਪੰਜਾਬ ਵਿਚ ਕੋਈ ਵੱਡਾ ਸਿਆਸੀ ਆਧਾਰ ਨਹੀਂ ਹੈ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਸਪਾ ਨੂੰ ਸਿਰਫ਼ 1.77 ਫ਼ੀਸਦੀ ਵੋਟਾਂ ਹਾਸਲ ਹੋਈਆਂ ਸਨ, ਜਦੋਂਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਬਸਪਾ ਦਾ ਵੋਟ ਸ਼ੇਅਰ 3.52 ਫੀਸਦੀ ਸੀ। ਇਸ ਦੇ ਬਾਵਜੂਦ ਦੁਆਬਾ ਦੇ ਦਲਿਤ ਬਹੁਗਿਣਤੀ ਖੇਤਰਾਂ ਵਿਚ ਪਾਰਟੀ ਦਾ ਆਧਾਰ ਹੈ ਅਤੇ ਜਲੰਧਰ ਅਤੇ ਹੁਸ਼ਿਆਰਪੁਰ ਦੀਆਂ ਲੋਕ ਸਭਾ ਸੀਟਾਂ ’ਤੇ ਬਸਪਾ ਕਿਸੇ ਦਾ ਵੀ ਗਣਿਤ ਵਿਗਾੜ ਸਕਦੀ ਹੈ। ਜਲੰਧਰ ਦੀ ਕਰਤਾਰਪੁਰ ਅਤੇ ਫਿਲੌਰ ਵਿਧਾਨ ਸਭਾ ਸੀਟ ਤੋਂ ਇਲਾਵਾ ਹੁਸ਼ਿਆਰਪੁਰ ਦੀ ਫਗਵਾੜਾ ਵਿਧਾਨ ਸਭਾ ਸੀਟ ’ਤੇ ਵੀ ਬਸਪਾ ਦਾ ਆਧਾਰ ਹੈ। ਇਸ ਲਈ ਇਨ੍ਹਾਂ ਇਲਾਕਿਆਂ ਵਿਚ ਬਸਪਾ ਦੇ ਉਮੀਦਵਾਰ ਵਿਰੋਧੀ ਧਿਰ ਦਾ ਗਣਿਤ ਵਿਗਾੜਨ ’ਚ ਸਮਰੱਥ ਹਨ। ਦੁਆਬਾ ਇਲਾਕਾ ਬਸਪਾ ਦੇ ਸੰਸਥਾਪਕ ਕਾਂਸ਼ੀ ਰਾਮ ਦਾ ਇਲਾਕਾ ਹੈ ਅਤੇ ਇਸ ਕਾਰਨ ਵੀ ਬਸਪਾ ਦਾ ਇਸ ਖੇਤਰ ਵਿਚ ਆਧਾਰ ਹੈ।
1996 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ’ਚ ਦਲਿਤ ਸਿਆਸਤ ਸਿਖ਼ਰ ’ਤੇ ਸੀ ਅਤੇ ਪਾਰਟੀ ਨੇ ਸੂਬੇ ਦੀਆਂ 13 ਵਿਚੋਂ 3 ਲੋਕ ਸਭਾ ਸੀਟਾਂ ’ਤੇ ਜਿੱਤ ਦਰਜ ਕੀਤੀ ਸੀ ਪਰ ਹੌਲੀ-ਹੌਲੀ ਬਸਪਾ ਦਾ ਆਧਾਰ ਘੱਟ ਹੁੰਦਾ ਗਿਆ ਅਤੇ ਪਿਛਲੀ ਚੋਣ ਵਿਚ ਬਸਪਾ ਸਿਰਫ਼ 1.77 ਫ਼ੀਸਦੀ ਵੋਟ ਸ਼ੇਅਰ ਵਾਲੀ ਪਾਰਟੀ ਰਹਿ ਗਈ ਹੈ।

ਇਹ ਵੀ ਪੜ੍ਹੋ: ਦਿੱਲੀ ਦੀਆਂ ਬਰੂਹਾਂ 'ਤੇ ਮੁੜ ਡਟੇ ਕਿਸਾਨ, ਭਾਜਪਾ ਦੇ ਸਿੱਖ ਆਗੂ ਤਾਲਮੇਲ ਕਾਇਮ ਕਰਨ 'ਚ ਰਹੇ ਨਾਕਾਮ

ਉਮੀਦਵਾਰਾਂ ਦੀ ਚੋਣ ’ਚ ਭਾਜਪਾ ਨੂੰ ਰੱਖਣੀ ਪਵੇਗੀ ਸਾਵਧਾਨੀ
ਬਹੁਕੋਣੀ ਮੁਕਾਬਲੇ ’ਚ ਸਥਿਤੀ ਦਾ ਫਾਇਦਾ ਉਠਾਉਣ ਲਈ ਭਾਜਪਾ ਨੂੰ ਉਮੀਦਵਾਰਾਂ ਦੀ ਚੋਣ ’ਚ ਖ਼ਾਸ ਸਾਵਧਾਨੀ ਰੱਖਣੀ ਪਵੇਗੀ। ਪੰਜਾਬ ਦੀ 31.84 ਫੀਸਦੀ ਆਬਾਦੀ ਦਲਿਤ ਹੈ ਅਤੇ ਇਹ ਦਲਿਤ ਖਾਸ ਤੌਰ ’ਤੇ ਦੁਆਬਾ ਖੇਤਰ ਵਿਚ ਜ਼ਿਆਦਾ ਪ੍ਰਭਾਵ ਰੱਖਦੇ ਹਨ। ਦੁਆਬਾ ਦੇ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਨਵਾਂਸ਼ਹਿਰ ਇਲਾਕਿਆਂ ਵਿਚ ਦਲਿਤਾਂ ਦੀ ਆਬਾਦੀ ਜ਼ਿਆਦਾ ਹੈ ਅਤੇ ਮਰਦਮਸ਼ੁਮਾਰੀ ਦੇ ਅੰਕੜਿਆਂ ’ਚ ਵਾਲਮੀਕਿ ਤੇ ਰਵਿਦਾਸੀਆ ਭਾਈਚਾਰੇ ਦੇ ਜ਼ਿਆਦਾਤਰ ਦਲਿਤਾਂ ਨੇ ਆਪਣਾ ਹਿੰਦੂ ਧਰਮ ਦਰਜ ਕਰਵਾਇਆ ਹੋਇਆ ਹੈ। ਇਸ ਲਈ ਭਾਜਪਾ ਨੂੰ ਰਵਿਦਾਸੀ ਬਹੁਗਿਣਤੀ ਸੀਟਾਂ ’ਤੇ ਰਵਿਦਾਸੀਆ ਭਾਈਚਾਰੇ ’ਚੋਂ ਉਮੀਦਵਾਰ ਉਤਾਰਨਾ ਪਵੇਗਾ, ਜਦੋਂਕਿ ਵਾਲਮੀਕਿ ਬਹੁਗਿਣਤੀ ਇਲਾਕਿਆਂ ਵਿਚ ਵਾਲਮੀਕਿ ਭਾਈਚਾਰੇ ਨਾਲ ਸਬੰਧਤ ਉਮੀਦਵਾਰ ਨੂੰ ਪਹਿਲ ਦੇਣੀ ਪਵੇਗੀ।

ਪੰਜਾਬ ਦੇ 10 ਜ਼ਿਲ੍ਹਿਆਂ ’ਚ ਹਿੰਦੂ ਆਬਾਦੀ 40 ਫ਼ੀਸਦੀ ਤੋਂ ਵੱਧ
ਜੇ ਪੰਜਾਬ ਦੇ ਸਾਰੇ ਜ਼ਿਲਿਆਂ ਦੀ ਆਬਾਦੀ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ 10 ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਵਿਚ ਹਿੰਦੂ ਆਬਾਦੀ 40 ਫ਼ੀਸਦੀ ਤੋਂ ਵੱਧ ਹੈ। ਗੁਰਦਾਸਪੁਰ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫਿਰੋਜ਼ਪੁਰ, ਰੋਪੜ, ਲੁਧਿਆਣਾ, ਪਟਿਆਲਾ, ਮੋਹਾਲੀ ਤੇ ਕਪੂਰਥਲਾ ਅਜਿਹੇ ਜ਼ਿਲੇ ਹਨ ਜਿੱਥੇ ਹਿੰਦੂ ਆਬਾਦੀ 41 ਫ਼ੀਸਦੀ ਤੋਂ ਲੈ ਕੇ 66 ਫੀਸਦੀ ਤਕ ਹੈ। ਇਹ ਜ਼ਿਲ੍ਹੇ ਪੰਜਾਬ ਦੀਆਂ 13 ਵਿਚੋਂ 7 ਲੋਕ ਸਭਾ ਸੀਟਾਂ ਨੂੰ ਪ੍ਰਭਾਵਿਤ ਕਰਦੇ ਹਨ। ਜੇ ਇਨ੍ਹਾਂ ਜ਼ਿਲ੍ਹਿਆਂ ਦੇ ਹਿੰਦੂ ਭਾਜਪਾ ਦੇ ਪਿੱਛੇ ਇਕਜੁੱਟ ਹੋਏ ਤਾਂ ਭਾਜਪਾ ਪੰਜਾਬ ਵਿਚ ਹੈਰਾਨ ਕਰ ਦੇਣ ਵਾਲੇ ਨਤੀਜੇ ਦੇ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕਾਰੋਬਾਰੀ ਆਏ ਦਿਨ ਹੋ ਰਹੇ ਅੰਦੋਲਨਾਂ ਤੋਂ ਵੀ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਭਾਜਪਾ ਹੀ ਸੂਬੇ ਵਿਚ ਸਥਿਰਤਾ ਤੇ ਕਾਰੋਬਾਰੀ ਸੁਰੱਖਿਆ ਦਾ ਮਾਹੌਲ ਸਿਰਜ ਸਕਦੀ ਹੈ। ਇਹ ਗੱਲ ਵੀ ਭਾਜਪਾ ਦੇ ਪੱਖ ਵਿਚ ਜਾ ਸਕਦੀ ਹੈ ਅਤੇ ਭਾਜਪਾ ਨੂੰ ਬਹੁਕੋਣੀ ਮੁਕਾਬਲੇ ਵਿਚ ਫਾਇਦਾ ਹੋ ਸਕਦਾ ਹੈ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੇ ਚੱਲਦੇ ਅਕਾਲੀ ਦਲ ਵੱਲੋਂ 'ਪੰਜਾਬ ਬਚਾਓ ਯਾਤਰਾ' ਮੁਲਤਵੀ, ਸੱਦੀ ਕੋਰ ਕਮੇਟੀ ਦੀ ਮੀਟਿੰਗ

2019 ’ਚ ਭਾਰੀ ਪਈ ਸੀ ਕਾਂਗਰਸ
ਪਿਛਲੀਆਂ ਲੋਕ ਸਭਾ ਚੋਣਾਂ ਵਿਚ ਦੇਸ਼ ਭਰ ’ਚ ਭਾਜਪਾ ਦੀ ਲਹਿਰ ਹੋਣ ਦੇ ਬਾਵਜੂਦ ਪੰਜਾਬ ’ਚ ਕਾਂਗਰਸ ਨੇ ਚੰਗੀ ਕਾਰਗੁਜ਼ਾਰੀ ਵਿਖਾਈ ਸੀ ਅਤੇ ਪਾਰਟੀ 40.57 ਫ਼ੀਸਦੀ ਵੋਟ ਸ਼ੇਅਰ ਨਾਲ 8 ਸੀਟਾਂ ’ਤੇ ਕਬਜ਼ਾ ਕਰਨ ’ਚ ਕਾਮਯਾਬ ਰਹੀ ਸੀ। ਅਕਾਲੀ ਦਲ ਨੂੰ 27.76  ਫ਼ੀਸਦੀ ਵੋਟਾਂ ਦੇ ਨਾਲ 2 ਸੀਟਾਂ ਹਾਸਲ ਹੋਈਆਂ ਸਨ, ਜਦੋਂਕਿ ਭਾਜਪਾ ਨੂੰ 9.73  ਫ਼ੀਸਦੀ ਵੋਟਾਂ ਦੇ ਨਾਲ 2 ਸੀਟਾਂ ਮਿਲੀਆਂ ਸਨ। ਆਮ ਆਦਮੀ ਪਾਰਟੀ ਨੇ 7.46 ਫ਼ੀਸਦੀ ਵੋਟ ਸ਼ੇਅਰ ਨਾਲ ਸਿਰਫ਼ ਸੰਗਰੂਰ ਦੀ ਲੋਕ ਸਭਾ ਸੀਟ ਜਿੱਤੀ ਸੀ।

2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ

ਪਾਰਟੀ    ਵੋਟ ਸ਼ੇਅਰ  ਸੀਟਾਂ
ਕਾਂਗਰਸ 40.57        08
ਅਕਾਲੀ ਦਲ        27.76         02
ਭਾਜਪਾ         9.73         02
ਆਮ ਆਦਮੀ ਪਾਰਟੀ         7.46         01

ਇਹ ਵੀ ਪੜ੍ਹੋ: ਜਲੰਧਰ ਦੇ NRI ਨੇ ਚੰਨ 'ਤੇ ਖ਼ਰੀਦੇ ਦੋ ਪਲਾਟ, ਇਕ ਪਤਨੀ ਨੂੰ ਤੇ ਦੂਜਾ ਜਿਗਰੀ ਦੋਸਤ ਨੂੰ ਕੀਤਾ ਗਿਫ਼ਟ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


        

 

 

 

 


author

shivani attri

Content Editor

Related News