ਕਿਸਾਨ ਸੰਘਰਸ਼ ਵਿਚ ਸ਼ਾਮਲ ਹੋਣ ਲਈ ਜੱਥਾ ਰਵਾਨਾ, ਭਾਜਪਾ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
Sunday, Jan 10, 2021 - 01:50 PM (IST)
ਭਗਤਾ ਭਾਈ (ਪਰਵੀਨ)- ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ 46ਵੇਂ ਦਿਨ ਵੀ ਜਾਰੀ ਹੈ। ਉੱਥੇ ਹੀ ਸ਼ਹਿਰ ਦੇ ਭੂਤਾਂ ਵਾਲ਼ੇ ਖੂਹ ਤੋਂ ਕਿਸਾਨਾਂ ਦਾ ਇਕ ਜੱਥਾ ਦਿੱਲੀ ਚੱਲ ਰਹੇ ਸੰਘਰਸ਼ ਵਿਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਜੱਥੇ ਦੇ ਨਾਲ ਪੀਣ ਯੋਗ ਪਾਣੀ ਦੀਆਂ 15 ਵੱਡੀਆਂ ਕੇਨੀਆਂ ਭੇਜੀਆਂ ਗਈਆਂ। ਰਵਾਨਾ ਹੋਣ ਤੋਂ ਪਹਿਲਾਂ ਕਿਸਾਨਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਸਮੇਂ ਅਧਿਆਪਕ ਆਗੂ ਸਵਰਨਜੀਤ ਸਿੰਘ ਸ਼ੰਮੀ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਅਤੇ ਲਾਗਤ ਖਰਚੇ ਘਟਾ ਕੇ ਅਤੇ ਸਾਰੀਆਂ ਫਸਲਾਂ ਦੇ ਪੱਕੇ ਮੁੱਲ ਤਹਿ ਕਰਨ ਦੀ ਬਜਾਏ ਉਲਟਾ ਕਿਸਾਨਾਂ ਸਿਰ ਕਾਲੇ ਕਾਨੂੰਨ ਮੜ ਕੇ ਕਾਰਪੋਰੇਟ ਘਰਾਣਿਆਂ ਨੂੰ ਮੋਟੇ ਮੁਨਾਫ਼ੇ ਦੇਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਵਿੱਚ ਹਰੇਕ ਵਰਗ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਭਗਤੇ ਸ਼ਹਿਰ ਤੋਂ ਜਿੱਥੇ ਕਿਸਾਨ ਵੱਡੀ ਗਿਣਤੀ ਵਿਚ ਜੱਥਿਆਂ ਦੇ ਰੂਪ 'ਚ ਜਾਂਦੇ ਹਨ ਅਤੇ ਕੁਝ ਦਿਨਾਂ ਬਾਅਦ ਉਨ੍ਹਾਂ ਥਾਂ ਦੀ ਹੋਰ ਕਿਸਾਨਾਂ ਨੂੰ ਭੇਜ ਦਿੱਤਾ ਜਾਂਦਾ ਹੈ। ਉੱਥੇ ਸ਼ਹਿਰ ਵਾਸੀ ਵੀ ਆਪਣੇ ਟਾਈਮ ਅਨੁਸਾਰ ਟਿਕਰੀ ਬਾਰਡਰ ਅਤੇ ਸਿੰਘੂ ਬਾਰਡਰ ਦਿੱਲੀ ਵਿਖੇ ਮੋਰਚੇ 'ਚ ਸ਼ਾਮਲ ਹੁੰਦੇ ਹਨ। ਇਸ ਸਮੇਂ ਗੋਵਿੰਦ ਸਿੰਘ ਅਤੇ ਰੋਮੀ ਨੇ ਗੁਰਦੀਪ ਸਿੰਘ ਕੈਨੇਡਾ ਪੁੱਤਰ ਸਵ: ਜੁਗਰਾਜ ਸਿੰਘ ਵੱਲੋਂ ਮੋਰਚੇ ਵਾਸਤੇ ਭੇਜੀ 25000 ਦੀ ਆਰਥਿਕ ਮਦਦ ਕਿਸਾਨਾਂ ਨੂੰ ਦਿੱਤੀ ਗਈ। ਇਸ ਸਮੇਂ ਅਮਰੀਕ ਸਿੰਘ ਵਿੱਕੀ, ਬੂਟਾ ਮੌੜ, ਵਿੱਕੀ ਭੰਬਰੀ, ਜਗਸੀਰ ਸਿੰਘ ਹੈਪੀ, ਅਮਰਜੀਤ ਸਿੰਘ ਸਾਬਕਾ ਮੈਂਬਰ, ਬਾਦਲ ਸਿੰਘ, ਸੁੱਖੀ ਮੌੜ, ਲਵਪ੍ਰੀਤ ਸਿੰਘ ਲੱਭੀ, ਹੈਪੀ ਭਗਤਾ, ਹਰਵਿੰਦਰ ਸਿੰਘ ਹਿੰਦਾ, ਅਭੀਜੀਤ ਸਿੱਧੂ, ਨਿਰਭੈ ਸਿੰਘ ਆਦਿ ਹਾਜ਼ਰ ਸਨ।