ਹਰਿਆਣਾ ''ਚ ਕਿਸਾਨਾਂ ''ਤੇ ਲਾਠੀਚਾਰਜ ਦੇ ਵਿਰੋਧ ''ਚ ਪੰਜਾਬ ਦੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ
Saturday, Aug 28, 2021 - 10:19 PM (IST)
ਰੂਪਨਗਰ (ਕੈਲਾਸ਼,ਸੈਣੀ)– ਕਰਨਾਲ ’ਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਵਿਰੁੱਧ ਰੂਪਨਗਰ ’ਚ ਵੀ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਜਿੱਥੇ ਕਿਸਾਨਾਂ ਨੇ ਕਰਨਾਲ ’ਚ ਕਿਸਾਨਾਂ ’ਤੇ ਹੋਈ ਲਾਠੀਚਾਰਜ ’ਤੇ ਆਪਣਾ ਵਿਰੋਧ ਪ੍ਰਗਟ ਕਰਦਿਆਂ ਕਰੀਬ 1 ਘੰਟਾ ਸੋਲਖੀਆਂ ਟੋਲ ਪਲਾਜ਼ਾ ’ਤੇ ਜਾਮ ਲਗਾ ਦਿੱਤਾ। ਕਿਸਾਨਾਂ ਦਾ ਕਹਿਣਾ ਸੀ ਕਿ ਉਹ ਧਰਨਾ ਕਰੀਬ 1 ਘੰਟੇ ਦੇ ਲਈ ਲਗਾਇਆ ਗਿਆ ਅਤੇ ਜਿਵੇਂ ਸੰਯੁਕਤ ਕਿਸਾਨ ਮੋਰਚਾ ਅਗਲਾ ਹੁਕਮ ਦੇਵੇਗਾ, ਉਸੇ ਤਰ੍ਹਾਂ ਹੀ ਕੀਤਾ ਜਾਵੇਗਾ।
ਇਸ ਦੌਰਾਨ ਜਿੱਥੇ ਕਿਸਾਨਾਂ ਨੇ ਹਾਈਵੇ ’ਤੋਂ ਗੁਜ਼ਰਨ ਵਾਲੀਆਂ ਬੱਸਾਂ ਕਾਰਾਂ ਨੂੰ ਰੋਕਿਆ ਉੱਥੇ ਹੀ ਐਂਬੂਲੈਂਸ ਨੂੰ ਜਾਣ ਦਿੱਤਾ ਅਤੇ ਉਸ ਦੇ ਨਿਕਲਣ ਲਈ ਆਪ ਰਸਤਾ ਬਣਵਾਇਆ। ਇਸ ਮੌਕੇ ਬੋਲਦਿਆਂ ਕਿਸਾਨ ਮੋਰਚਾ ਦੇ ਕਿਸਾਨ ਨੇਤਾ ਪਰਵਿੰਦਰ ਸਿੰਘ ਨੇ ਦੱਸਿਆ ਕਿ ਹਰਿਆਣਾ ਦੀ ਖੱਟਰ ਸਰਕਾਰ ਕਿਸਾਨਾਂ ਦੇ ਨਾਲ ਭਾਰੀ ਜੁਲਮ ਕਰ ਰਹੀ ਹੈ। ਉਨ੍ਹਾਂ ਕਿਹਾ ਜੇਕਰ ਕਿਸਾਨਾਂ ਨੂੰ ਕੋਈ ਵੀ ਆਂਚ ਆਉਂਦੀ ਹੈ ਤਾਂ ਪੰਜਾਬ ਅਤੇ ਹਰਿਆਣਾ ਦਾ ਕਿਸਾਨ ਇਕ ਹੈ ਅਤੇ ਖੱਟਰ ਸਰਕਾਰ ਨੂੰ ਇਸ ਦਾ ਭਾਰੀ ਵਿਰੋਧ ਸਹਿਣਾ ਪਵੇਗਾ।
ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਨੂੰ ਆਪਸ ’ਚ ਤੋੜਣਾ ਚਾਹੁੰਦੀ ਹੈ ਪਰ ਕਿਸਾਨ ਸੰਗਠਨ ਇਕਜੁੱਟ ਹਨ ਅਤੇ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਚਿੰਗਾਰੀ ਪੰਜਾਬ ਤੋਂ ਉੱਠੀ , ਉਹ ਅੱਜ ਪੂਰਾ ਭਾਰਤ ’ਚ ਫੈਲ ਚੁੱਕੀ ਹੈ ਅਤੇ ਪੂਰੇ ਭਾਰਤ ਦੇ ਕਿਸਾਨਾਂ ’ਚ ਤਿੰਨੋਂ ਕਾਲੇ ਕਾਨੂੰਨਾਂ ਨੂੰ ਲੈ ਕੇ ਭਾਰੀ ਵਿਰੋਧ ਹੈ। ਇਸ ਤੋਂ ਇਲਾਵਾ ਇਕ ਹੋਰ ਨੇਤਾ ਨੇ ਕਿਹਾ ਕਿ ਇਹ ਹਰਿਆਣਾ ’ਚ ਖੱਟਰ ਸਰਕਾਰ ਜ਼ਾਲਿਮ ਸਰਕਾਰ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਖੱਟਰ ਸਰਕਾਰ ਨੂੰ ਕਰਨਾਲ ’ਚ ਹੋਏ ਲਾਠੀਚਾਰਜ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।