ਕਿਸਾਨਾਂ ਲਈ ਮਿਸਾਲ ਬਣਿਆ ਜਬਰ ਸਿੰਘ, ਖ਼ਬਰ ਪੜ੍ਹ ਕੇ ਕਰੋਗੇ ਸਿਫ਼ਤਾਂ

Saturday, Nov 28, 2020 - 06:02 PM (IST)

ਕਿਸਾਨਾਂ ਲਈ ਮਿਸਾਲ ਬਣਿਆ ਜਬਰ ਸਿੰਘ, ਖ਼ਬਰ ਪੜ੍ਹ ਕੇ ਕਰੋਗੇ ਸਿਫ਼ਤਾਂ

ਤਪਾ ਮੰਡੀ (ਮਾਰਕੰਡਾ) : ਪਿੰਡ ਭਗਤਪੁਰਾ ਮੌੜ ਦਾ ਕਿਸਾਨ ਜਬਰ ਸਿੰਘ ਮਾਨ ਪਿਛਲੇ ਕਰੀਬ ਕਈ ਸਾਲਾਂ ਤੋਂ ਫ਼ਸਲੀ ਰਹਿੰਦ-ਖੂੰਹਦ ਦਾ ਸੁਚੱਜਾ ਨਿਬੇੜਾ ਕਰਕੇ ਹੋਰਨਾਂ ਕਿਸਾਨਾਂ ਲਈ ਉਦਾਰਣ ਬਣਿਆ ਹੋਇਆ ਹੈ। ਕਿਸਾਨ ਜਬਰ ਸਿੰਘ ਮਾਨ ਨੇ ਦੱਸਿਆ ਕਿ ਉਹ 12 ਏਕੜ ਰਕਬੇ 'ਚ ਫ਼ਸਲ ਦੀ ਬਿਜਾਈ ਕਰਦਾ ਹੈ। ਉਸ ਨੇ ਪਿਛਲੀਆਂ ਸੱਤ ਫ਼ਸਲਾਂ ਦੌਰਾਨ ਝੋਨੇ ਦੀ ਪਰਾਲੀ ਜਾਂ ਕਣਕ ਦੇ ਨਾੜ ਨੂੰ ਅੱਗ ਨਹੀਂ ਲਾਈ। ਉਸ ਨੇ ਇਸ ਵਾਰ ਵੀ ਸੁਪਰ ਐੱਸ.ਐੱਮ.ਐੱਸ. ਵਾਲੀ ਕੰਬਾਈਨ ਨਾਲ ਝੋਨੇ ਦੀ ਕੜਾਈ ਕਰਵਾ ਕੇ ਸੁਪਰ ਸੀਡਰ ਨਾਲ ਕÎਣਕ ਦੀ ਬੀਜਾਈ ਕੀਤੀ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੇ ਬਦਲ ਦਿੱਤੀ ਨਵਜੋਤ ਸਿੰਘ ਸਿੱਧੂ ਦੀ ਤਕਦੀਰ

ਜਬਰ ਸਿੰਘ ਦੇ ਪੁੱਤਰ ਜ਼ਿਲ੍ਹਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਉਹ ਅਤੇ ਉਨ੍ਹਾਂ ਦੇ ਭਰਾ ਬਲਜਿੰਦਰ ਸਿੰਘ ਸਿਹਤ ਵਿਭਾਗ ਵਿਚ ਸੇਵਾਵਾਂ ਨਿਭਾਅ ਰਹੇ ਹਨ ਅਤੇ ਉਹ ਇਸ ਦੀ ਬਦੌਲਤ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹਨ ਕਿ ਅਜਿਹਾ ਕੋਈ ਕਦਮ ਨਾ ਉਠਾਇਆ ਜਾਵੇ, ਜਿਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੋਵੇ ਜਾਂ ਹੋਰ ਲੋਕਾਂ ਦਾ ਨੁਕਸਾਨ ਹੋਵੇ। ਕੁਲਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੀ ਜ਼ਮੀਨ ਬਹੁਤੀ ਉਪਜਾਊ ਨਹੀਂ ਸੀ, ਕਾਫੀ ਰੇਤੀਲੀ ਸੀ ਪਰ ਪਰਾਲੀ ਨੂੰ ਜ਼ਮੀਨ ਵਿਚ ਹੀ ਵਾਹੁਣ ਸਦਕਾ ਹੁਣ ਉਨ੍ਹਾਂ ਦੀ ਜ਼ਮੀਨ ਬੇਹੱਦ ਉਪਜਾਊ ਹੈ ਅਤੇ ਉਨ੍ਹਾਂ ਨੂੰ ਫ਼ਸਲ ਤੋਂ ਚੋਖਾ ਝਾੜ ਪ੍ਰਾਪਤ ਹੁੰਦਾ ਹੈ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਨਾ ਲਾਉਣ ਕਿਉਂਕਿ ਇਸ ਨਾਲ ਹਵਾ ਪ੍ਰਦੂਸ਼ਣ ਫੈਲਦਾ ਹੈ, ਲੋਕਾਂ ਨੂੰ ਬਿਮਾਰੀਆਂ ਘੇਰਦੀਆਂ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ।

ਇਹ ਵੀ ਪੜ੍ਹੋ : ਕਿਸਾਨਾਂ 'ਤੇ ਕੇਂਦਰ ਤੇ ਹਰਿਆਣਾ ਸਰਕਾਰ ਦੀ ਕਾਰਵਾਈ ਖ਼ਿਲਾਫ਼ ਸੁਖਦੇਵ ਢੀਂਡਸਾ ਨੇ ਚੁੱਕਿਆ ਇਹ ਕਦਮ


author

Gurminder Singh

Content Editor

Related News