ਚੰਡੀਗੜ੍ਹ 'ਚ ਦਾਖ਼ਲ ਹੋਇਆ ਹਜ਼ਾਰਾਂ ਕਿਸਾਨਾਂ ਦਾ ਹਜੂਮ, ਪੰਜਾਬ ਪੁਲਸ ਨੇ ਵੀ ਨਹੀਂ ਰੋਕਿਆ (ਤਸਵੀਰਾਂ)
Saturday, Nov 26, 2022 - 04:33 PM (IST)
ਮੋਹਾਲੀ (ਨਿਆਮੀਆਂ) : ਸੰਯੁਕਤ ਕਿਸਾਨ ਮੋਰਚਾ ਦੀਆਂ 34 ਕਿਸਾਨ ਜੱਥੇਬੰਦੀਆਂ ਵੱਲੋਂ ਅੱਜ ਮੋਹਾਲੀ ਵਿਖੇ ਕੀਤੀ ਗਈ ਰੈਲੀ ਤੋਂ ਬਾਅਦ ਚੰਡੀਗੜ੍ਹ ਵੱਲ ਕੂਚ ਕੀਤਾ ਗਿਆ। ਕਿਸਾਨ ਆਗੂ ਆਪਣਾ ਮੰਗ ਪੱਤਰ ਰਾਜਪਾਲ ਨੂੰ ਦੇਣ ਲਈ ਮੋਹਾਲੀ ਤੋਂ ਚੰਡੀਗੜ੍ਹ ਵੱਲ ਰਵਾਨਾ ਹੋਏ ਤਾਂ ਪੰਜਾਬ ਪੁਲਸ ਨੇ ਉਨ੍ਹਾਂ ਨੂੰ ਚੰਡੀਗੜ੍ਹ 'ਚ ਦਾਖ਼ਲ ਹੋਣ ਤੋਂ ਬਿਲਕੁਲ ਵੀ ਨਹੀਂ ਰੋਕਿਆ। ਇਸ ਦੇ ਕਿਸਾਨ ਪੂਰੀ ਤਰ੍ਹਾਂ ਜੋਸ਼ 'ਚ ਆ ਗਏ ਅਤੇ ਯਾਦਵਿੰਦਰਾ ਪਬਲਿਕ ਸਕੂਲ ਚੌਂਕ ਰਾਹੀਂ ਹੁੰਦੇ ਹੋਏ ਚੰਡੀਗੜ੍ਹ 'ਚ ਦਾਖ਼ਲ ਹੋ ਗਏ।
ਚੰਡੀਗੜ੍ਹ ਪੁਲਸ ਵੱਲੋਂ ਇਸ ਨਾਲੇ 'ਤੇ ਕੋਈ ਬੈਰੀਕੇਡ ਨਹੀਂ ਲਗਾਇਆ ਗਿਆ ਸੀ। ਇਸ ਕਾਰਨ ਕਿਸਾਨ ਤੇਜ਼ੀ ਨਾਲ ਤੁਰਦੇ ਹੋਏ ਚੰਡੀਗੜ੍ਹ ਤੱਕ ਆ ਗਏ। ਜਦੋਂ ਚੰਡੀਗੜ੍ਹ ਦੀਆਂ ਟ੍ਰੈਫਿਕ ਲਾਈਟਾਂ 'ਤੇ ਕਿਸਾਨ ਆਗੂ ਪੁੱਜੇ ਤਾਂ ਚੰਡੀਗੜ੍ਹ ਪੁਲਸ 'ਚ ਹਰਕਤ ਹੋਈ ਪਰ ਉਨ੍ਹਾਂ ਦੇ ਇੱਥੇ ਪੁੱਜਣ ਤੋਂ ਪਹਿਲਾਂ ਹੀ ਕਿਸਾਨ ਸੜਕ 'ਤੇ ਹੀ ਧਰਨਾ ਲਗਾ ਕੇ ਬੈਠ ਗਏ।
ਇੱਥੋਂ ਚੰਡੀਗੜ੍ਹ ਪੁਲਸ ਦੇ ਮੁਲਾਜ਼ਮ ਇਨ੍ਹਾਂ ਕਿਸਾਨਾਂ ਨੂੰ ਸੀ. ਟੀ. ਯੂ. ਦੀਆਂ ਬੱਸਾਂ 'ਚ ਬਿਠਾ ਕੇ ਪੰਜਾਬ ਦੇ ਰਾਜਪਾਲ ਨੂੰ ਮਿਲਾਉਣ ਲਈ ਲੈ ਕੇ ਗਏ। ਕਿਸਾਨ ਆਗੂਆਂ ਨੇ ਆਪਣੇ ਸਾਥੀਆਂ ਨੂੰ ਇੱਥੇ ਇਹ ਐਲਾਨ ਕਰ ਦਿੱਤਾ ਕਿ ਇਹ ਧਰਨਾ ਖ਼ਤਮ ਸਮਝਿਆ ਜਾਵੇ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਉਪ ਮੁੱਖ ਮੰਤਰੀ OP ਸੋਨੀ, ਆਖੀ ਇਹ ਗੱਲ
ਉਨ੍ਹਾਂ ਕਿਸਾਨਾਂ ਨੂੰ ਸਖ਼ਤ ਤਾਕੀਦ ਕੀਤੀ ਕਿ ਕੋਈ ਵੀ ਕਿਸਾਨ ਸ਼ਰਾਬ ਦੇ ਠੇਕੇ 'ਤੇ ਨਾ ਜਾਵੇ। ਕਿਸਾਨ ਆਗੂਆਂ ਨੇ ਸਾਥੀ ਕਿਸਾਨਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਬਿਨਾਂ ਕੋਈ ਹੁੱਲੜਬਾਜ਼ੀ ਕੀਤੇ ਸਾਰੇ ਜਣੇ ਆਪੋ-ਆਪਣੇ ਘਰਾਂ ਨੂੰ ਚਲੇ ਜਾਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ