ਦੁਖ਼ਦ ਖ਼ਬਰ: ਦਿੱਲੀ ਮੋਰਚੇ ’ਚ ਸ਼ਾਮਲ ਪਿੰਡ ਢੱਡੇ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
Sunday, Jan 24, 2021 - 06:28 PM (IST)
ਬਾਲਿਆਂਵਾਲੀ (ਸ਼ੇਖਰ): ਨੇੜਲੇ ਪਿੰਡ ਢੱਡੇ ਦੇ ਇਕ ਕਿਸਾਨ ਦੀ ਦਿੱਲੀ ਮੋਰਚੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਗੁਰਮੀਤ ਸਿੰਘ ਢੱਡੇ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਸ. ਉੱਗਰ ਸਿੰਘ ਪੁੱਤਰ ਅਜਮੇਰ ਸਿੰਘ (60) ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸਰਗਰਮ ਆਗੂ ਸਨ। ਦਿੱਲੀ ਕਿਸਾਨ ਮੋਰਚਾ ਸ਼ੁਰੂ ਹੋਣ ਵੇਲੇ ਤੋਂ ਲੈ ਕੇ ਹੁਣ ਤੱਕ ਉਹ ਧਰਨੇ ਵਿਚ ਡਟਵੀਂ ਸ਼ਮੂਲੀਅਤ ਕਰ ਰਹੇ ਸਨ।
ਇਹ ਵੀ ਪੜ੍ਹੋ: ਫਿਰ ਤੁਰਿਆ ਖਨੌਰੀ ਬਾਰਡਰ ਤੋਂ 3000 ਟਰੈਕਟਰਾਂ ਦਾ ਕਾਫਲਾ, ਕਿਸਾਨਾਂ ਦੀ ਕੇਂਦਰ ਨੂੰ ਵੱਡੀ ਚੇਤਾਵਨੀ (ਵੀਡੀਓ)
ਬੀਤੇ ਦਿਨ ਉਹ ਪਿੰਡ ਢੱਡੇ ਤੋਂ ਦਿੱਲੀ ਵਿਖੇ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਲਈ ਟਰੈਕਟਰ ਲੈ ਕੇ ਜਾ ਰਹੇ ਸਨ ਤਾਂ ਰਾਤ ਕਰੀਬ 11 ਵਜੇ ਰੋਹਤਕ ਦੇ ਨੇੜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਟਰੈਕਟਰ ਤੋਂ ਹੇਠਾਂ ਡਿੱਗ ਪਏ। ਭਾਕਿਯੂ ਉਗਰਾਹਾਂ ਦੇ ਜ਼ਿਲ੍ਹਾ ਆਗੂ ਮੋਠੂ ਸਿੰਘ ਕੋਟੜਾ ਨੇ ਕਿਹਾ ਕਿ ਟਰੈਕਟਰ 'ਤੇ ਬੈਠੇ ਹੋਏ ਹੀ ਦਿਲ ਦੀ ਧੜਕਣ ਰੁਕਣ ਨਾਲ ਕਿਸਾਨ ਉੱਗਰ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਪ੍ਰਸ਼ਾਸਨ ਪਾਸੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ 10 ਲੱਖ ਰੁਪਏ, ਇਕ ਸਰਕਾਰੀ ਨੌਕਰੀ ਅਤੇ ਸਾਰਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਮੰਗਾਂ ਮੰਨੇ ਜਾਣ ਤੱਕ ਉਨ੍ਹਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪਟਿਆਲਾ ਦੇ ਇਸ ਪਿੰਡ ’ਚ ਭਾਜਪਾ ਲੀਡਰਾਂ ਦੀ ਐਂਟਰੀ ਬੈਨ, ਲੱਗੇ ਪੱਕੇ ਬੋਰਡ