ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

Monday, Mar 12, 2018 - 03:50 AM (IST)

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਤਲਵੰਡੀ ਸਾਬੋ,   (ਮੁਨੀਸ਼)-  ਕਿਸਾਨੀ ਸਿਰ ਚੜ੍ਹੇ ਕਰਜ਼ੇ ਦੇ ਕਾਰਨ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਬੀਤੇ ਸਮੇਂ 'ਚ ਸ਼ੁਰੂ ਹੋਇਆ ਰੁਝਾਨ ਅਜੇ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ। ਦਰਜ ਮਾਮਲੇ ਤੇ ਇਕੱਤਰ ਜਾਣਕਾਰੀ ਅਨੁਸਾਰ ਕਿਸਾਨ ਗੁਰਲਾਲ ਸਿੰਘ (45) ਪੁੱਤਰ ਗੁਰਦੀਪ ਸਿੰਘ ਵਾਸੀ ਤਲਵੰਡੀ ਸਾਬੋ ਕੋਲ ਦੋ ਏਕੜ ਦੇ ਕਰੀਬ ਜ਼ਮੀਨ ਸੀ ਤੇ ਉਸ ਉਪਰ ਕਰੀਬ 7 ਲੱਖ ਰੁਪਏ ਕਰਜ਼ਾ ਸੀ, ਜਿਸ ਕਾਰਨ ਗੁਰਲਾਲ ਸਿੰਘ ਅਕਸਰ ਹੀ ਪ੍ਰੇਸ਼ਾਨ ਰਹਿਣ ਲੱਗ ਗਿਆ ਸੀ। ਬੀਤੀ ਰਾਤ ਉਹ ਖੇਤ ਪਾਣੀ ਲਾਉਣ ਲਈ ਘਰੋਂ ਗਿਆ ਤੇ ਜਦੋਂ ਸਵੇਰ ਤੱਕ ਵਾਪਸ ਨਾ ਆਇਆ ਤਾਂ ਉਸ ਦੀ ਤਲਾਸ਼ ਲਈ ਖੇਤ ਪੁੱਜੇ ਲੋਕਾਂ ਨੇ ਦੇਖਿਆ ਕਿ ਉਸ ਦੀ ਲਾਸ਼ ਖੇਤ ਵਿਚ ਪਈ ਸੀ ਤੇ ਮੁਢਲੇ ਕਾਰਨਾਂ ਤੋਂ ਪਤਾ ਲੱਗਦਾ ਸੀ ਕਿ ਉਸ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਹੈ।
 ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਹਸਪਤਾਲ ਵਿਚ ਪੋਸਟਮਾਰਟਮ ਲਈ ਕਿਸਾਨ ਦੀ ਲਾਸ਼ ਲੈ ਕੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਾਬੂ ਸਿੰਘ ਮਾਨ, ਸੁਖਵੀਰ ਸਿੰਘ ਚੱਠਾ ਨੇ ਮੋਹਤਬਰ ਸ਼ਖਸੀਅਤ ਚੇਤਾ ਸਿੰਘ ਰਿਟਾ. ਡੀ. ਐੱਸ. ਪੀ. ਨੇ ਸਰਕਾਰ ਤੋਂ ਪੀੜਤ ਪਰਿਵਾਰ ਦੀ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ, ਜਦੋਂਕਿ ਇਸ ਮੌਕੇ ਹਾਜ਼ਰ ਗੁਰਤਿੰਦਰ ਸਿੰਘ ਰਿੰਪੀ ਮਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਨੇ ਕਿਹਾ ਕਿ ਉਹ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਤਲਵੰਡੀ ਸਾਬੋ ਪੁਲਸ ਦੇ ਜਾਂਚ ਅਧਿਕਾਰੀ ਗੁਰਮੇਜ ਸਿੰਘ ਏ. ਐੱਸ. ਆਈ. ਨੇ ਦੱਸਿਆ ਕਿ ਮ੍ਰਿਤਕ ਕਿਸਾਨ ਦੀ ਪਤਨੀ ਕਰਮਜੀਤ ਕੌਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰ ਕੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।


Related News