ਹਸਪਤਾਲ ਅੰਮ੍ਰਿਤਸਰ ਪੁੱਜੇ ਸ਼ਵੇਤ ਮਲਿਕ ਦਾ ਕਿਸਾਨਾਂ ਕੀਤਾ ਘਿਰਾਓ

03/14/2021 12:44:05 AM

ਅੰਮ੍ਰਿਤਸਰ, (ਦਲਜੀਤ)- ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਨੇਤਾਵਾਂ ਨੂੰ ਪੰਜਾਬ ’ਚ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਟੀਕਾਕਰਨ ਪ੍ਰਕਿਰਿਆ ਦਾ ਜਾਇਜ਼ਾ ਲੈਣ ਰਣਜੀਤ ਐਵੀਨਿਊ ਸਥਿਤ ਸੈਟੇਲਾਈਟ ਹਸਪਤਾਲ ਪੁੱਜੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਵੀ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹਸਪਤਾਲ ਦੇ ਬਾਹਰ ਉਨ੍ਹਾਂ ਨੂੰ ਕਿਸਾਨਾਂ ਨੇ ਘੇਰਿਆ ਤਾਂ ਹਸਪਤਾਲ ਦੇ ਰਿਕਵਰੀ ਰੂਮ ’ਚ ਟੀਕਾਕਰਨ ਕਰਵਾ ਕੇ ਬੈਠੇ ਬਜ਼ੁਰਗ ਵੀ ਉਨ੍ਹਾਂ ਖਿਲਾਫ਼ ਰੌਲਾ ਪਾਉਣ ਲੱਗੇ।

PunjabKesari

ਜਾਣਕਾਰੀ ਅਨੁਸਾਰ ਸ਼ਵੇਤ ਮਲਿਕ ਆਪਣੇ ਕੁਝ ਸਮਰਥਕਾਂ ਨਾਲ ਸ਼ਨੀਵਾਰ ਨੂੰ ਸੈਟੇਲਾਈਟ ਹਸਪਤਾਲ ਪੁੱਜੇ ਸਨ। ਸ਼ਵੇਤ ਮਲਿਕ ਦੇ ਆਉਣ ਦੀ ਖਬਰ ਕਿਸਾਨਾਂ ਨੂੰ ਪਹਿਲਾਂ ਤੋਂ ਹੀ ਸੀ। ਕਿਸਾਨ ਨੇਤਾ ਬਚਿੱਤਰ ਸਿੰਘ ਸਮੇਤ ਦਰਜਨ ਕਿਸਾਨ ਹਸਪਤਾਲ ਦੇ ਬਾਹਰ ਖੜ੍ਹੇ ਸਨ। ਪੁਲਸ ਨੇ ਉਨ੍ਹਾਂ ਨੂੰ ਬੈਰੀਕੇਡ ਲਗਾ ਕੇ ਰੋਕਿਆ ਤਾਂ ਕਿਸਾਨਾਂ ਨੇ ਮਲਿਕ ਨੂੰ ਵੇਖਦੇ ਹੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸ਼ਵੇਤ ਮਲਿਕ ਅੰਦਰ ਚਲੇ ਗਏ । ਟੀਕਾਕਰਨ ਪ੍ਰੀਕ੍ਰਿਆ ਦੀ ਜਾਂਚ ਕਰਨ ਦੇ ਬਾਅਦ ਉਹ ਰਿਕਵਰੀ ਰੂਮ ’ਚ ਪੁੱਜੇ। ਇੱਥੇ ਕੁਝ ਬਜ਼ੁਰਗ ਟੀਕਾ ਲਗਵਾ ਕੇ ਅੱਧੇ ਘੰਟੇ ਲਈ ਬੈਠੇ ਸਨ। ਅਚਾਨਕ ਸ਼ਵੇਤ ਮਲਿਕ ਦੇ ਨਾਲ ਭੀੜ ਵੇਖ ਕੇ ਬਜ਼ੁਰਗ ਪ੍ਰੇਸ਼ਾਨ ਹੋ ਗਏ। ਇਕ ਬਜ਼ੁਰਗ ਨੇ ਸ਼ਵੇਤ ਮਲਿਕ ਨੂੰ ਕਿਹਾ ਕਿ ਇੰਨੀ ਭੀੜ ਨੂੰ ਤੁਸੀਂ ਹਸਪਤਾਲ ਲੈ ਆਏ, ਇਸ ਨਾਲ ਕੋਰੋਨਾ ਫੈਲ ਸਕਦਾ ਹੈ। ਬਜ਼ੁਰਗਾਂ ਨੇ ਇਸ ਨੂੰ ਰਾਜਨੀਤਕ ਡਰਾਮਾ ਦੱਸਿਆ। ਅਜਿਹੇ ’ਚ ਸ਼ਵੇਤ ਮਲਿਕ ਤੁਰੰਤ ਹਸਪਤਾਲ ਤੋਂ ਬਾਹਰ ਆ ਗਏ ।
 


Bharat Thapa

Content Editor

Related News