ਸਰਕਾਰ ਵਲੋਂ ਕਿਸਾਨਾਂ ਨੂੰ ਮੰਡੀਆਂ ''ਚ ਸੁੱਕੀ ਕਣਕ ਹੀ ਲਿਆਉਣ ਦੀ ਅਪੀਲ
Monday, Apr 22, 2019 - 02:03 PM (IST)
![ਸਰਕਾਰ ਵਲੋਂ ਕਿਸਾਨਾਂ ਨੂੰ ਮੰਡੀਆਂ ''ਚ ਸੁੱਕੀ ਕਣਕ ਹੀ ਲਿਆਉਣ ਦੀ ਅਪੀਲ](https://static.jagbani.com/multimedia/2019_4image_14_03_135481496whaeat.jpg)
ਚੰਡੀਗੜ੍ਹ (ਸ਼ਰਮਾ) : ਸੂਬੇ 'ਚ ਪਿਛਲੇ ਦਿਨੀਂ ਹੋਈ ਬੇਮੌਸਮੀ ਬਰਸਾਤ ਦੇ ਮੱਦੇਨਜ਼ਰ ਅਤੇ ਵਾਢੀ ਉਪਰੰਤ ਕਣਕ ਦੇ ਦਾਣਿਆਂ 'ਚ ਨਮੀ ਦੀ ਵਧੇਰੇ ਮਾਤਰਾ ਹੋਣ ਕਰਕੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਪੂਰੀ ਤਰ੍ਹਾਂ ਸੁੱਕੀ ਕਣਕ ਹੀ ਮੰਡੀਆਂ 'ਚ ਲਿਆਉਣ ਦੀ ਅਪੀਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮੌਜੂਦਾ ਹਾੜ੍ਹੀ ਸੀਜ਼ਨ ਦੌਰਾਨ ਕਣਕ ਦੀ ਸੁਚੱਜੀ ਅਤੇ ਪ੍ਰੇਸ਼ਾਨੀ ਮੁਕਤ ਖ਼ਰੀਦ ਲਈ ਸੂਬਾ ਸਰਕਾਰ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਕਿਸਾਨਾਂ ਨੂੰ ਪੂਰੀ ਤਰ੍ਹਾਂ ਪੱਕੀ ਤੇ ਸੁੱਕੀ ਕਣਕ ਮੰਡੀਆਂ 'ਚ ਲਿਆਉਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਭਾਰਤ ਖ਼ੁਰਾਕ ਨਿਗਮ (ਐੱਫ.ਸੀ.ਆਈ) ਵਲੋਂ ਤੈਅ ਕੀਤੇ ਗਏ 12 ਫੀਸਦੀ ਨਮੀ ਵਾਲੇ ਮਾਪਦੰਡ ਤੋਂ ਵੱਧ ਨਮੀ ਵਾਲੀ ਕਣਕ ਮੰਡੀਆਂ 'ਚ ਨਾ ਲਿਆਂਦੀ ਜਾਵੇ ਅਤੇ ਕਿਸਾਨਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ।
ਬੁਲਾਰੇ ਨੇ ਦੱਸਿਆ ਕਿ ਇਸ ਸਾਲ ਤਕਰੀਬਨ 132 ਮੀਟ੍ਰਿਕ ਟਨ ਕਣਕ ਪੰਜਾਬ ਦੀਆਂ ਮੰਡੀਆਂ 'ਚ ਆਉਣ ਦੀ ਸੰਭਾਵਨਾ ਹੈ ਅਤੇ ਇਸ ਵਾਸਤੇ ਲੋੜੀਂਦੇ ਬਾਰਦਾਨੇ, ਕਣਕ ਦੀ ਸਟੋਰੇਜ ਅਤੇ ਕਿਸਾਨਾਂ ਨੂੰ ਬਣਦੀ ਪੇਮੈਂਟ ਆਦਿ ਦੀ ਸਮੇਂ ਸਿਰ ਅਦਾਇਗੀ ਦਾ ਪੂਰਾ ਇੰਤਜ਼ਾਮ ਕੀਤਾ ਜਾ ਚੁੱਕਾ ਹੈ।