ਕਿਸਾਨਾਂ ਵਲੋਂ 1 ਜੂਨ ਤੋਂ ਹੀ ਝੋਨੇ ਦੀ ਬਿਜਾਈ ਕਰਨ ਦਾ ਐਲਾਨ
Friday, Apr 26, 2019 - 04:37 PM (IST)
ਚੰਡੀਗੜ੍ਹ : ਜਿੱਥੇ ਪੂਰੇ ਦੇਸ਼ 'ਚ ਕਣਕ ਦੀ ਫਸਲ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ, ਉੱਥੇ ਹੀ ਕਿਸਾਨਾਂ ਨੂੰ ਹੁਣ ਝੋਨੇ ਦੀ ਫਸਲ ਦੀ ਬਿਜਾਈ ਇਕ ਵੱਡੀ ਸਮੱਸਿਆ ਬਣਦੀ ਹੋਈ ਦਿਖਾਈ ਦੇ ਰਹੀ ਹੈ। ਇਸ ਵਾਰ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਇਕ ਜੂਨ ਤੋਂ ਉਹ ਝੋਨੇ ਦੀ ਫਸਲ ਦੀ ਬਿਜਾਈ ਸ਼ੁਰੂ ਕਰਨਗੇ, ਹਾਲਾਂਕਿ ਸਰਕਾਰ ਵਲੋਂ ਪਿਛਲੀ ਵਾਰ 20 ਜੂਨ ਦਾ ਸਮਾਂ ਰੱਖਿਆ ਗਿਆ ਸੀ ਅਤੇ ਇਸ ਵਾਰ ਵੀ ਕੁਝ ਅਜਿਹੇ ਹੀ ਹਾਲਾਤ ਨਜ਼ਰ ਆ ਰਹੇ ਹਨ ਪਰ ਆਪਣੇ ਨੁਕਸਾਨ ਨੂੰ ਦੇਖਦੇ ਹੋਏ ਕਿਸਾਨਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਫਸਲ ਦੀ ਬਿਜਾਈ 'ਚ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਗੇ। ਪਿਛਲੀ ਵਾਰ 20 ਜੂਨ ਨੂੰ ਝੋਨੇ ਦੀ ਫਸਲ ਦੀ ਬਿਜਾਈ ਦਾ ਸਮਾਂ ਰੱਖਿਆ ਗਿਆ ਸੀ ਪਰ ਬਾਅਦ 'ਚ ਝੋਨੇ ਦੀ ਫਸਲ ਜਦੋਂ ਪੱਕ ਕੇ ਤਿਆਰ ਹੋਈ ਤਾਂ ਉਸ 'ਚ ਨਮੀ ਦੀ ਮਾਤਰਾ ਨੂੰ ਲੈ ਕੇ ਕਿਸਾਨਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਬਾਰੇ ਕਿਸਾਨ ਯੂਨੀਅਨ ਦੇ ਸਿੱਧੂਪੁਰ ਪ੍ਰਧਾਨ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਖੇਤੀ ਸਕੱਤਰ ਦੇ ਸਾਹਮਣੇ ਆਪਣੀਆਂ ਮੰਗਾਂ ਰੱਖੀਆਂ ਹਨ, ਜਿਸ 'ਚ ਇਹ ਵੀ ਮੰਗ ਰੱਖੀ ਗਈ ਹੈ ਕਿ ਕਟਾਈ ਸਮੇਂ ਕੰਬਾਈਨ ਰਾਹੀਂ ਆਉਣ ਵਾਲੇ ਐੱਮ. ਐੱਮ. ਐੱਸ. ਦੀ ਪ੍ਰਕਿਰਿਆ ਵੀ ਬੰਦ ਕੀਤੀ ਜਾਵੇ। ਹੁਣ ਸਰਕਾਰ ਦਾ ਕੀ ਫੈਸਲਾ ਰਹੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਕਿਸਾਨ ਸਾਫ ਕਰ ਚੁੱਕੇ ਹਨ ਕਿ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਉਹ ਬਿਜਾਈ ਸਬੰਧੀ ਸਵੀਕਾਰ ਨਹੀਂ ਕਰਨਗੇ।