ਕਿਸਾਨਾਂ ਤੇ ਕੇਂਦਰ ਵਿਚਾਲੇ ਤੀਜੇ ਗੇੜ ਦੀ ਮੀਟਿੰਗ ਹੋਈ ਸ਼ੁਰੂ, ਜਲਦ ਆ ਸਕਦੈ ਵੱਡਾ ਫ਼ੈਸਲਾ
Thursday, Feb 15, 2024 - 09:08 PM (IST)
ਚੰਡੀਗੜ੍ਹ- ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਮੀਟਿੰਗ ਚੰਡੀਗੜ੍ਹ ਦੇ 26 ਸੈਕਟਰ ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਸ਼ੁਰੂ ਹੋ ਗਈ ਹੈ। ਇਸ ਮੀਟਿੰਗ 'ਚ 17 ਕਿਸਾਨ ਆਗੂਆਂ ਤੋਂ ਇਲਾਵਾ ਕੇਂਦਰੀ ਮੰਤਰੀ ਪਿਯੂਸ਼ ਗੋਇਲ, ਅਰਜੁਨ ਮੁੰਡਾ ਤੇ ਨਿਤਿਆਨੰਦ ਸ਼ਾਮਲ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੀ ਇਸ ਮੀਟਿੰਗ 'ਚ ਕਿਸਾਨਾਂ ਦਾ ਪੱਖ ਰੱਖਣ ਲਈ ਸ਼ਾਮਲ ਹੋਏ ਹਨ। ਇਸ ਤੋਂ ਪਹਿਲਾਂ 8 ਫਰਵਰੀ ਤੇ 12 ਫਰਵਰੀ ਨੂੰ ਹੋਈਆਂ ਮੀਟਿੰਗਾਂ 'ਚ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਕਿਸਾਨਾਂ ਨੇ ਦਿੱਲੀ ਕੂਚ ਕਰਨ ਦਾ ਫੈਸਲਾ ਕੀਤਾ ਸੀ, ਜਿਨ੍ਹਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ 'ਤੇ ਸਖ਼ਤ ਕਾਰਵਾਈ ਕਰਦੇ ਹੋਏ ਉਨ੍ਹਾਂ 'ਤੇ ਅੱਥਰੂ ਗੈਸ ਦੇ ਗੋਲ਼ੇ ਸੁੱਟ ਕੇ ਉਨ੍ਹਾਂ ਨੂੰ ਰੋਕਣ ਲਈ ਪੂਰਾ ਜ਼ੋਰ ਲਗਾਇਆ ਹੋਇਆ ਹੈ।
ਕਿਸਾਨ ਫਸਲਾਂ 'ਤੇ ਐੱਮ.ਐੱਸ.ਪੀ. ਗਾਰੰਟੀ ਦੀ ਮੰਗ ਨੂੰ ਲੈ ਕੇ ਅੜੇ ਹੋਏ ਹਨ, ਜਦਕਿ ਕੇਂਦਰੀ ਮੰਤਰੀਆਂ ਦਾ ਹੁਣ ਤੱਕ ਇਸ ਬਾਰੇ ਕੋਈ ਹਾਂ-ਪੱਖੀ ਰਵੱਈਆ ਨਜ਼ਰ ਨਹੀਂ ਆਇਆ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮੀਟਿੰਗ ਤੋਂ ਕੋਈ ਨਤੀਜਾ ਨਿਕਲਦਾ ਹੈ ਜਾਂ ਫਿਰ ਕਿਸਾਨਾਂ ਨੂੰ ਮਜਬੂਰਨ ਆਪਣਾ ਅੰਦੋਲਨ ਜਾਰੀ ਰੱਖਣਾ ਪਵੇਗਾ।