ਕਿਸਾਨਾਂ ਅਤੇ ਆੜ੍ਹਤੀਆਂ ਦੀ ਖੱਜਲ-ਖੁਆਰੀ ਨੂੰ ਲੈ ਕੇ ਕੀਤਾ ਜਾ ਰਿਹਾ ਰੋਸ

05/11/2020 4:22:26 PM

ਤਪਾ ਮੰਡੀ(ਸ਼ਾਮ,ਗਰਗ) - ਸਥਾਨਕ ਮਾਰਕੀਟ ਕਮੇਟੀ ਅਧੀਨ ਪੈਂਦੇ ਖਰੀਦ ਕੇਂਦਰਾਂ 'ਚ ਕਣਕ ਦੀ ਚੁਕਾਈ ਨਾ ਹੋਣ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਦੀ ਖੱਜਲ-ਖੁਆਰੀ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ।  ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਮੋਹਣ ਸਿੰਘ ਰੂੜੇਕੇ, ਜ਼ਿਲ੍ਹਾ ਪ੍ਰਧਾਨ ਜੱਗਾ ਸਿੰਘ ਬਦਰਾ, ਜ਼ਿਲ੍ਹਾ ਮੀਤ ਪ੍ਰਧਾਨ ਜੀਤ ਸਿੰਘ ਕਾਹਨੇ ਕੇ ਦੀ ਅਗਵਾਈ ਵਿਚ ਅਨਾਜ ਮੰਡੀ ਪੱਖੋ ਕਲਾਂ, ਮਹਿਤਾ, ਤਾਜੋਕੇ, ਘੁੰਨਸ, ਰੂੜੇਕੇ ਕਲਾਂ,ਧੌਲਾ, ਕਾਹਨੇ ਕੇ ਅਤੇ ਕੁਝ ਹੋਰ ਮੰਡੀਆਂ ਦਾ ਦੌਰਾ ਕਰਨ ਸਮੇਂ ਕਿਸਾਨਾਂ ਅਤੇ ਆੜ੍ਹਤੀਆਂ ਨੇ ਕਿਸਾਨ ਆਗੂਆਂ ਦੇ ਧਿਆਨ ਵਿਚ ਲਿਆਉਂਦਿਆਂ ਦੱਸਿਆ ਕਿ ਕੁਝ ਮੰਡੀਆਂ 'ਚ ਖਰੀਦ ਇੰਸਪੈਕਟਰ ਜਾਣ-ਬੁੱਝ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਜਿਸਦੀ ਉਦਾਹਰਨ ਦਿੰਦਿਆਂ ਕਿਹਾ ਕਿ ਖਰੀਦ ਏਜੰਸੀ ਪਨਸਪ ਦੇ ਇੰਸਪੈਕਟਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੇਰੇ ਕੋਲ ਕੋਈ ਬਾਰਦਾਨਾ ਨਹੀਂ ਹੈ ਅਤੇ ਆੜ੍ਹਤੀਏ ਆਪਣਾ ਬਾਰਦਾਨਾ ਖਰੀਦ ਕੇ ਭਰਪਾਈ ਕਰਨ। ਪਰ ਕਿਸਾਨ ਮੰਡੀਆਂ ਵਿੱਚੋਂ ਕਣਕ ਦੀ ਚੁਕਾਈ ਨਾ ਹੋਣ ਕਾਰਨ ਅਤੇ ਘਰਾਂ ਵਿਚ ਸਟੋਰ ਕੀਤੀ ਕਣਕ ਬਾਰਦਾਨੇ ਦੀ ਘਾਟ ਕਾਰਨ ਮੰਡੀਆਂ ਵਿਚ ਨਹੀਂ ਲਿਆ ਰਹੇ। ਉੱਪਰੋਂ ਬੇਮੌਸਮੀ ਬਾਰਿਸ਼ ਕਾਰਨ ਕਣਕ ਭਿੱਜ ਰਹੀ ਹੈ ਜੋ ਕਿਸਾਨਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਕਿਸਾਨ ਆਗੂ ਨਿੱਕਾ ਸਿੰਘ ਇਕਾਈ ਪ੍ਰਧਾਨ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਮਸਲਾ ਜਲਦੀ ਹੀ ਹੱਲ ਕੀਤਾ ਜਾਵੇ ਨਹੀਂ ਤਾਂ ਕਿਸਾਨਾਂ ਵੱਲੋਂ ਤਿੱਖਾ ਸੰਘਰਸ਼ ਛੇੜਿਆ ਜਾਵੇਗਾ। ਇਸ ਮੌਕੇ ਜੀਤ ਸਿੰਘ ਪੱਖੋ ਕਲਾਂ ਇਕਾਈ ਸੈਕਟਰੀ, ਗੁਰਸੇਵਕ ਸਿੰਘ ਪੱਖੋ ਕਲਾਂ ਪ੍ਰੈਸ ਸਕੱਤਰ, ਮੇਜ਼ਰ ਸਿੰਘ ਰੂੜੇਕੇ ਕਲਾਂ, ਬਚਿੱਤਰ ਸਿੰਘ ਬਦਰਾ ਆਦਿ ਵੀ ਹਾਜ਼ਰ ਸਨ।

ਦੂਜੇ ਪਾਸੇ ਪਨਸਪ ਦੇ ਇੰਸਪੈਕਟਰ ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਬਾਰਦਾਨੇ ਦੀ ਘਾਟ ਹੋਣ ਕਾਰਨ ਆੜ੍ਹਤੀਆਂ ਨੂੰ ਕਿਹਾ ਗਿਆ ਹੈ ਕਿ ਉਹ ਪੁਰਾਣਾਂ ਬਾਰਦਾਨਾ ਲਗਾਕੇ 25 ਰੁਪਏ ਦੇ ਹਿਸਾਬ ਨਾਲ ਬਿੱਲ ਬਣਾਕੇ ਦੇ ਦੇਣ।

 


Harinder Kaur

Content Editor

Related News