ਨਵਜੋਤ ਸਿੱਧੂ ਨੇ ਫਿਰ ਕੀਤੇ ਧਮਾਕੇਦਾਰ ਟਵੀਟ, ਕਿਸਾਨ ਅੰਦੋਲਨ ਦਰਮਿਆਨ ਦਿੱਤੀ ਨੇਕ ਸਲਾਹ
Monday, Apr 12, 2021 - 06:31 PM (IST)
ਚੰਡੀਗੜ੍ਹ : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਇਕ ਪਾਸੇ ਜਿੱਥੇ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ, ਉਥੇ ਹੀ ਸਾਬਕਾ ਮੰਤਰੀ ਨਵਜੋਤ ਸਿੱਧੂ ਵੀ ਲਗਾਤਾਰ ਟਵਿੱਟਰ ’ਤੇ ਸਰਗਰਮ ਹੋ ਕੇ ਕਿਸਾਨਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ। ਹੁਣ ਫਿਰ ਨਵਜੋਤ ਸਿੱਧੂ ਨੇ ਨੇਕ ਸਲਾਹ ਦਿੱਤੀ ਹੈ। ਸਿੱਧੂ ਨੇ ਆਖਿਆ ਹੈ ਕਿ ਕਿਸਾਨੀ ਸੰਘਰਸ਼ ਦੌਰਾਨ ਪੰਜਾਬ ਦੇ ਨੌਜਵਾਨਾਂ ਨੇ ਆਪਣੇ ਬੇਮਿਸਾਲ ਕਿਰਦਾਰ ਕਰਕੇ ਦੁਨੀਆ ਭਰ ’ਚ ਇੱਜ਼ਤ ਕਮਾਈ ਤੇ ਲੋਕਾਂ ਦੀ ਨਜ਼ਰ ਵਿਚ ਪੰਜਾਬ ਦਾ ਅਕਸ 'ਉਡਤਾ ਪੰਜਾਬ' ਤੋਂ 'ਚੜ੍ਹਦਾ ਪੰਜਾਬ' ’ਚ ਬਦਲ ਦਿੱਤਾ ਹੈ। ਇਨ੍ਹਾਂ ਮੁਸ਼ਕਿਲ ਹਾਲਾਤ ਵਿਚ ਆਪਣੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਡੀ ਨੌਜਵਾਨ ਪੀੜ੍ਹੀ ਦੀ ਸੁਰੱਖਿਆ ਨਿਸ਼ਚਤ ਕਰਨੀ ਚਾਹੀਦੀ ਹੈ। ਕਿਸਾਨੀ ਮੋਰਚਿਆਂ ਦੀ ਜਿੱਤ ਨੌਜਵਾਨਾਂ ਦੇ ਜਜ਼ਬੇ ਤੇ ਯੂਨੀਅਨ ਲੀਡਰਾਂ ਦੇ ਤਜ਼ਰਬੇ ਦੇ ਸੁਮੇਲ ਸਦਕਾ ਹੀ ਪ੍ਰਵਾਨ ਚੜ੍ਹੀ ਹੈ।
ਇਹ ਵੀ ਪੜ੍ਹੋ : ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਪ੍ਰਧਾਨ ਦੇ ਪੁੱਤਰ ਦੀ ਕੈਲੀਫੋਰਨੀਆ ਵਿਚ ਮੌਤ
ਇਸ ਤੋਂ ਪਹਿਲਾਂ ਵੀ ਨਵਜੋਤ ਸਿੱਧੂ ਨੇ ਇਕ ਹੋਰ ਟਵੀਟ ਕੀਤਾ ਸੀ, ਜਿਸ ਵਿਚ ਉਨ੍ਹਾਂ ਸ਼ਾਇਰਾਨਾ ਅੰਦਾਜ਼ ਵਿਚ ਵਿਅੰਗ ਕਰਦਿਆਂ ਆਖਿਆ ਕਿ ਖੁਆਇਸ਼ ਭਾਵੇਂ ਮੇਰੀ ਅਧੂਰੀ ਹੀ ਸਹੀ ਪਰ ਮੈਂ ਕੋਸ਼ਿਸ਼ਾਂ ਪੂਰੀਆਂ ਕਰਦਾ ਹਾਂ। ਇਥੇ ਹੀ ਬਸ ਨਹੀਂ ਇਸ ਟਵੀਟ ਤੋਂ ਇਕ ਦਿਨ ਪਹਿਲਾਂ ਸਿੱਧੂ ਨੇ ਇਕ ਹੋਰ ਧਮਾਕੇਦਾਰ ਟਵੀਟ ਕੀਤਾ, ਜਿਸ ਵਿਚ ਉਨ੍ਹਾਂ ਕਿਹਾ ਕਿ ਕਰਦੇ ਤਾਂ ਦੋਵੇਂ ਹੀ ਸੀ, ਅਸੀਂ ਕੋਸ਼ਿਸ਼ ਅਤੇ ਉਹ ਸਾਜ਼ਿਸ਼। ਇਕ ਹੋਰ ਟਵੀਟ ਵਿਚ ਸਿੱਧੂ ਨੇ ਕਿਹਾ ਕਿ ਉਹ ਸਾਜ਼ਿਸ਼ ਸੀ ਹਵਾਵਾਂ ’ਤੇ ਲੱਗੀ ਤੋਹਮਤ ਚਿਰਾਗਾਂ ’ਤੇ ਸਿਆਸਤ ਹੈ, ਸਿਆਸਤ ਹੈ, ਸਿਆਸਤ ਹੈ, ਸਿਆਸਤ ਹੈ। ਸਿੱਧੂ ਵਲੋਂ ਲਗਾਤਾਰ ਕੀਤੇ ਜਾ ਰਹੇ ਇਨ੍ਹਾਂ ਤਿੱਖੇ ਟਵੀਟਸ ਨੇ ਸਿਆਸੀ ਗਲਿਆਰਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ।
ਇਹ ਵੀ ਪੜ੍ਹੋ : ਦਿੱਲੀ ਪੁਲਸ ’ਤੇ ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਦੇ ਦੋਸ਼ਾਂ ਤੋਂ ਬਾਅਦ ਨਵਜੋਤ ਸਿੱਧੂ ਨੇ ਖੋਲ੍ਹਿਆ ਮੋਰਚਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?