ਕਿਸਾਨਾਂ, ਮਜ਼ਦੂਰਾਂ ਦਾ ਵਿਸ਼ਾਲ ਕਾਫਲਾ ਝਬਾਲ ਤੋਂ ਰਵਾਨਾ
Sunday, Feb 18, 2018 - 10:49 AM (IST)

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ, ਰਾਜਿੰਦਰ) - ਜਨਤਕ ਜਥੇਬੰਦੀਆ ਦੀ ਤਾਲਮੇਲ ਫਰੰਟ ਦੇ ਸੱਦੇ ਤੇ ਕਾਲੇ ਕਨੂੰਨਾਂ ਖਿਲਾਫ ਕੀਤੀ ਗਈ ਜਲੰਧਰ ਰੈਲੀ 'ਚ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਮੁਖਤਾਰ ਸਿੰਘ ਸਿੰਘ ਮੱਲਾ, ਦਲਜੀਤ ਸਿੰਘ ਦਿਆਲਪੁਰਾ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਸਪਾਲ ਸਿੰਘ ਝਬਾਲ, ਚਮਨ ਲਾਲ ਦਰਾਜਕੇ, ਸ਼ਹੀਦ ਭਗਤ ਸਿੰਘ ਨੌਜ਼ਵਾਨ ਸਭਾ ਪੰਜਾਬ ਦੇ ਆਗੂ ਸੁਲੱਖਣ ਸਿੰਘ ਤੁੜ, ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਬਲਦੇਵ ਸਿੰਘ ਪੰਡੋਰੀ, ਬਲਬੀਰ ਸੂਦ, ਜਨਵਾਦੀ ਇਸਤਰੀ ਸਭਾ ਦੀ ਆਗੂ ਜਸਬੀਰ ਕੌਰ ਆਦਿ ਦੀ ਅਗਵਾਈ ਹੇਠ ਸੈਂਕੜੇ ਮਜ਼ਦੂਰਾ ਅਤੇ ਕਿਸਾਨਾਂ ਦਾ ਕਾਫਲਾ ਕਸਬਾ ਝਬਾਲ ਤੋਂ ਰਵਾਨਾ ਹੋਇਆ।ਇਸ ਮੌਕੇ ਕਾਫਲੇ 'ਚ ਸ਼ਾਮਲ ਕਾਰਕੁੰਨਾਂ ਨੂੰ ਰਵਾਨਾਂ ਹੋਣ ਤੋਂ ਪਹਿਲਾਂ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕੇ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਨਾਲ ਕੀਤੀ ਗਈ ਵਾਅਦਾ ਖਿਲਾਫ਼ੀ ਖਿਲਾਫ਼ ਲੋਕਾਂ 'ਚ ਗੁੱਸੇ ਦੀ ਭਾਵਨਾ ਵੱਧਦੀ ਜਾ ਰਹੀ ਹੈ। ਹਰ ਪਾਸੇ ਕਿਸਾਨ ਖੁਦਕੁਸ਼ੀਆ ਕਰ ਰਹੇ ਹਨ। ਕਿਸਾਨਾਂ ਦੇ ਕਰਜ਼ਾ ਮੁਆਫੀ ਤੋਂ ਆਨੀਬਹਾਨੀ ਭੱਜਣ ਲਈ ਸਰਕਾਰ ਯੋਜਨਾਵਾਂ ਘੜ ਰਹੀ ਹੈ। ਕਿਸਾਨਾਂ ਦੀਆ ਬੰਬੀਆ 'ਤੇ ਮੀਟਰ ਲਾ ਕੇ ਬਿਜਲੀ ਦੀ ਸਹੂਲਤ ਖੋਹਕੇ ਹੋਰ ਬੋਝ ਪਾਉਣ ਦੀਆਂ ਸਰਕਾਰ ਦੀਆਂ ਚਾਲਾਂ ਨੂੰ ਕਿਸਾਨ ਭਲੀਭਾਂਤ ਸਮਝ ਰਹੇ ਹਨ। ਸਾਥੀ ਜਾਮਾਰਾਏ ਨੇ ਕਿਹਾ ਕੇ ਕਾਰਪੋਰੇਟ ਘਰਾਣਿਆਂ ਅਤੇ ਬਹੁ-ਕੌਮੀ ਕਾਰਪੋਰੇਸ਼ਨਾ ਲਈ ਕੰਮ ਕਰ ਰਹੀਆਂ ਸਰਕਾਰਾ ਕਾਲੇ ਕਨੂੰਨ ਬਣਾਕੇ ਅਤੇ ਲਾਗੂ ਕਰਕੇ ਲੋਕਾਂ ਦੀ ਜਮਹੂਰੀ ਅਵਾਜ਼ ਨੂੰ ਦਬਾਉਣਾ ਚਾਹੁੰਦੀਆਂ ਹਨ, ਜਿਸਨੂੰ ਦੇਸ਼ ਦੇ ਜਮਹੂਰੀਅਤ ਪਸੰਦ, ਅਣਖੀ ਅਤੇ ਬਹਾਦਰ ਲੋਕ ਹਰਗਿੱਜ ਬਰਦਾਸ਼ਤ ਨਹੀਂ ਕਰਨਗੇ। ਕਾਲੇ ਕਨੂੰਨਾਂ ਨੂੰ ਵਾਪਸ ਕਰਵਾਕੇ ਜਥੇਬੰਦੀਆਂ ਦਮ ਲੈਣਗੀਆਂ ਅਤੇ ਕਿਸਾਨਾਂ, ਮਜ਼ਦੂਰਾਂ ਦੇ ਹਿੱਤ ਲਈ ਲੋੜਦੀਆਂ ਸਹੂਲਤਾਂ ਨੂੰ ਜਾਰੀ ਕਰਾਇਆ ਜਾਵੇਗਾ। ਇਸ ਮੌਕੇ ਜਸਬੀਰ ਸਿੰਘ ਗੰਡੀਵਿੰਡ ,ਚਰਨਜੀਤ ਸਿੰਘ ਬਾਠ, ਮਨਜੀਤ ਸਿੰਘ ਬੱਗੂ, ਕਰਮ ਸਿੰਘ ਫਤਿਆਬਾਦ, ਦਾਰਾ ਸਿੰਘ ਮੁੰਡਾਪਿੰਡ, ਲੱਖਾ ਸਿੰਘ ਮੰਨਣ, ਮੰਗਲ ਸਿੰਘ ਸਾਂਘਣਾ, ਰੇਸ਼ਮ ਸਿੰਘ ਫੇਲੋਕੇ, ਅਜੀਤ ਸਿੰਘ ਢੋਟਾ, ਡਾ: ਅਜੈਬ ਸਿੰਘ ਜਹਾਂਗੀਰ ਅਤੇ ਜਸਬੀਰ ਸਿੰਘ ਵੈਰੋਂਵਾਲ ਆਦਿ ਹਾਜ਼ਰ ਸਨ।