ਜ਼ਹਿਰੀਲੇ ਸੱਪ ਦੇ ਡੰਗਣ ਨਾਲ ਕਿਸਾਨ ਦੀ ਮੌਤ
Thursday, Aug 02, 2018 - 10:51 AM (IST)

ਮਮਦੋਟ (ਸੰਜੀਵ, ਧਵਨ) – ਪਿੰਡ ਚੱਕ ਘੁਬਾਈ ਵਿਖੇ ਖੇਤ 'ਚ ਕੰਮ ਕਰਦੇ ਸਮੇਂ ਸੱਪ ਦੇ ਡੰਗਣ ਨਾਲ ਇਕ ਕਿਸਾਨ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਥਾਣਾ ਮਮਦੋਟ ਦੀ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।
ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਓਮਕਾਰ ਸਿੰਘ ਨੇ ਦੱਸਿਆ ਕਿ ਕਿਸਾਨ ਲਾਲ ਸਿੰਘ (46) ਪੁੱਤਰ ਤੇਜਾ ਸਿੰਘ ਬੀਤੀ ਦੇਰ ਸ਼ਾਮ ਝੋਨੇ ਨੂੰ ਪਾਣੀ ਲਾਉਣ ਤੋਂ ਬਾਅਦ ਗੇੜਾ ਮਾਰਨ ਗਿਆ ਸੀ ਕਿ ਵੱਟਾਂ ਤੋਂ ਘਾਹ-ਫੂਸ ਦੀ ਸਫਾਈ ਕਰਦੇ ਸਮੇਂ ਜ਼ਹਿਰੀਲੇ ਸੱਪ ਨੇ ਉਸ ਦੇ ਹੱਥ 'ਤੇ ਡੰਗ ਮਾਰ ਦਿੱਤਾ। ਉਸ ਦੇ ਰੌਲਾ ਪਾਉਣ 'ਤੇ ਇਕੱਠੇ ਹੋਏ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਮਮਦੋਟ ਵਿਖੇ ਲਿਆ ਰਹੇ ਸਨ ਕਿ ਰਾਸਤੇ 'ਚ ਉਸ ਨੇ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਮ੍ਰਿਤਕ ਕਿਸਾਨ ਦੀ ਪਤਨੀ ਵੀਰੋ ਬਾਈ ਪਹਿਲਾਂ ਹੀ ਦਿਮਾਗੀ ਤੌਰ 'ਤੇ ਠੀਕ ਨਹੀਂ ਹੈ। ਇਸੇ ਲਈ ਪਿੰਡ ਵਾਸੀਆਂ ਨੇ ਇਸ ਗਰੀਬ ਪਰਿਵਾਰ ਲਈ ਸਰਕਾਰ ਤੋਂ ਆਰਥਕ ਸਹਾਇਤਾ ਦੀ ਮੰਗ ਕੀਤੀ ਹੈ।