ਰਜਵਾਹੇ ''ਚ ਪਾੜ ਪੈਣ ਕਾਰਨ ਕਿਸਾਨਾਂ ਦੀ ਫਸਲ ਤਬਾਹ

Sunday, Nov 17, 2019 - 05:47 PM (IST)

ਰਜਵਾਹੇ ''ਚ ਪਾੜ ਪੈਣ ਕਾਰਨ ਕਿਸਾਨਾਂ ਦੀ ਫਸਲ ਤਬਾਹ

ਤਲਵੰਡੀ ਸਾਬੋ (ਮੁਨੀਸ਼) : ਸਬ-ਡਵੀਜਨ ਤਲਵੰਡੀ ਸਾਬੋ ਦੇ ਪਿੰਡ ਸੇਖਪੁਰਾ ਦੇ ਕੋਲੋਂ ਲੰਘਦੇ ਰਜਵਾਹੇ ਵਿਚ ਅੱਜ ਸਵੇਰੇ ਵੱਡਾ ਪਾੜ ਪੈਣ ਨਾਲ ਕਿਸਾਨਾਂ ਦੀ ਨਰਮੇ ਦੀ ਹਰੀ ਭਰੀ ਫਸਲ ਵਿਚ ਪਾਣੀ ਭਰ ਗਿਆ ਜਦਕਿ ਹੁਣ ਹੀ ਬੀਜੀ ਕਿਸਾਨਾਂ ਦੀ ਕਣਕ ਦਾ ਫਸਲ ਦਾ ਵੀ ਨੁਕਸਾਨ ਹੋ ਗਿਆ। ਕਿਸਾਨਾਂ ਨੇ ਖੁਦ ਹੀ ਰਜਵਾਹੇ ਦੇ ਪਾੜ ਨੂੰ ਭਰਿਆ ਜਦਕਿ ਨਹਿਰੀ ਵਿਭਾਗ ਦਾ ਕੋਈ ਵੀ ਮੁਲਾਜ਼ਮ ਜਾਂ ਅਧਿਕਾਰੀ ਨਾ ਆਉਣ ਕਰਕੇ ਕਿਸਾਨਾਂ ਨੇ ਨਹਿਰੀ ਵਿਭਾਗ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

ਮਿਲੀ ਜਾਣਕਾਰੀ ਮੁਤਾਬਕ ਰਜਵਾਹੇ ਵਿਚ ਕਰੀਬ 20 ਫੁੱਟ ਤੋਂ ਵੱਡਾ ਪਾੜ ਪਿਆ, ਜਿਸ ਨਾਲ ਕਿਸਾਨਾਂ ਦੀ ਅਜੇ ਚੁਕਾਈ ਲਈ ਤਿਆਰ ਖੜੀ ਨਰਮੇ ਦੀ ਫਸਲ ਵਿੱਚ ਪਾਣੀ ਭਰ ਗਿਆ। ਇਸ ਦੇ ਨਾਲ ਹੀ ਕਿਸਾਨ ਦੇ ਇਕ ਬੋਰ ਵਿਚ ਵੀ ਪਾਣੀ ਭਰਨ ਨਾਲ ਇਸ ਦੇ ਵੀ ਡਿੱਗਣ ਦਾ ਖਤਰਾ ਵੀ ਮੰਡਰਾ ਰਿਹਾ ਹੈ। ਪਾਣੀ ਕਾਰਨ ਕਰੀਬ 30 ਏਕੜ ਹੁਣ ਹੀ ਬਿਜਾਈ ਕੀਤੀ ਕਣਕ ਦੀ ਫਸਲ ਵਿਚ ਵੀ ਫੁੱਟ-ਫੁੱਟ ਪਾਣੀ ਭਰ ਗਿਆ। ਕਿਸਾਨਾਂ ਵੱਲੋ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਵਾਰ-ਵਾਰ ਫੋਨ ਕਰਨ ਤੋ ਬਾਅਦ ਵੀ ਕਿਸਾਨਾਂ ਦੀ ਸਾਰ ਨਾ ਲੈਣ ਆਉਣ ਕਰਕੇ ਭੜਕੇ ਕਿਸਾਨਾਂ ਨੇ ਨਹਿਰੀ ਵਿਭਾਗ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਪੀੜਤ ਕਿਸਾਨ ਨੇ ਦੱਸਿਆ ਕਿ ਰਜਵਾਹੇ ਵਿਚ ਸਮੇਂ ਸਿਰ ਸਫਾਈ ਨਾ ਹੋਣ ਕਰਕੇ ਪਾੜ ਪੈ ਜਾਦਾਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਪਾੜ ਪੈ ਗਿਆ ਹੈ ਪਰ ਨਹਿਰੀ ਵਿਭਾਗ ਉਨ੍ਹਾਂ ਦੀ ਮੁਸ਼ਕਲ ਵੱਲ ਕੋਈ ਧਿਆਨ ਨਹੀਂ ਦੇ ਰਿਹਾ।


author

Gurminder Singh

Content Editor

Related News