ਕਿਸਾਨ ਜਥੇਬੰਦੀਆਂ ਅਤੇ ਜ਼ਿਲਾ ਪੁਲਸ ਵਿਚਕਾਰ ਲੁੱਕਣ-ਮੀਚੀ ਖੇਡ ਜਾਰੀ

09/21/2017 8:21:48 PM

ਮਾਨਸਾ (ਜੱਸਲ)— ਪੰਜਾਬ ਦੀਆਂ 7 ਕਿਸਾਨ ਜੱਥੇਬੰਦੀਆਂ ਵੱਲੋਂ ਕਰਜ਼ਾ ਮੁਆਫੀ ਅਤੇ ਹੋਰ ਅਹਿਮ ਮੰਗਾਂ ਨੂੰ ਲੈ ਕੇ ਮੋਤੀ ਮਹਿਲ ਪਟਿਆਲਾ ਵਿਖੇ ਅੱਜ 22 ਅਗਸਤ ਨੂੰ ਲਾਏ ਜਾਣ ਵਾਲੇ 5 ਰੋਜਾਂ ਕਿਸਾਨ ਮੋਰਚੇ ਨੂੰ ਅਸਫਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਖਤ ਆਦੇਸ਼ਾਂ 'ਤੇ ਮਾਨਸਾ ਜ਼ਿਲੇ ਦੀ ਪੁਲਸ ਪੂਰੀ ਤਰ੍ਹਾਂ ਅਲਰਟ ਹੈ ਅਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਪਟਿਆਲਾ ਵਿਖੇ ਕਿਸਾਨ ਮੋਰਚੇ ਵਾਲੇ ਸਥਾਨ ਪਹੁੰਚਣ ਦੀ ਜਿੱਦ 'ਤੇ ਅੜੀਆਂ ਪਈਆਂ ਹਨ। 
ਫਿਲਹਾਲ ਅੱਜ ਦੇ ਦਿਨ ਕੋਈ ਕਿਸਾਨ ਗ੍ਰਿਫਤਾਰੀ ਦੀ ਖਬਰ ਨਹੀਂ। ਤਾਜ਼ਾ ਸਥਿਤੀ ਇਹ ਹੈ ਕਿ ਕਿਸਾਨ ਜੱਥੇਬੰਦੀਆਂ ਅਤੇ ਜ਼ਿਲਾ ਪ੍ਰਸ਼ਾਸਨ ਅਤੇ ਜ਼ਿਲਾ ਪੁਲਸ ਵਿਚਕਾਰ ਫੜੋ-ਫੜੀ ਦੀ ਲੁੱਕਣ-ਮੀਚੀ ਖੇਡ ਜਾਰੀ ਹੈ। ਕਿਸਾਨਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਕਿਉਂਕਿ ਉਹ ਸਖਤੀ ਦੇ ਬਾਵਜੂਦ ਕਿਸਾਨ ਦੇ ਘਰਾਂ 'ਚ ਛਾਪੇਮਾਰੀਆਂ ਅਤੇ ਉਨ੍ਹਾਂ ਦੀਆਂ ਗ੍ਰਿਫਤਾਰੀਆਂ ਦਾ ਵਿਰੋਧ ਕਰਦਿਆ ਜ਼ਿਲੇ ਭਰ ਦੇ ਵੱਖ-ਵੱਖ ਪਿੰਡਾਂ 'ਚ ਚਿੱਟੇ ਦਿਨ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜ ਕੇ ਖੂਬ ਨਾਅਰੇਬਾਜ਼ੀ ਕਰ ਰਹੇ ਹਨ ਅਤੇ ਗੁਪਤ ਤਿਆਰੀ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਰਾਠੀ ਵਿਖੇ ਕਿਸਾਨਾਂ ਦੇ ਇਕੱਠ ਨੇ ਪੰਜਾਬ ਸਰਕਾਰ ਦੀ ਅਰਥੀ ਸਾੜ ਕੇ ਰੋਸ ਵਿਖਾਵਾ ਕੀਤਾ। ਜਿਸ 'ਚ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਲ ਸਨ। ਇਸ ਮੌਕੇ ਜ਼ਿਲ੍ਹਾ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਅਤੇ ਬਲਾਕ ਪ੍ਰਧਾਨ ਬਲਵਿੰਦਰ ਖਿਆਲਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਦਾ ਸੁੱਖ ਭੋਗਣ ਲਈ ਪੰਜਾਬ ਦੇ ਲੋਕਾਂ ਨਾਲ ਦਗਾ ਕੀਤਾ ਹੈ ਕਿਉਂਕਿ ਕਾਂਗਰਸ ਪਾਰਟੀ ਨੇ ਸੱਤਾ 'ਚ ਆਉਣ ਤੋ ਪਹਿਲਾਂ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਹਰ ਵਾਅਦੇ ਤੋਂ ਭੱਜ ਚੁੱਕੀ ਹੈ। ਇਸ ਰੋਸ ਵਿਖਾਵੇ 'ਚ ਭੱਪਾ ਸਿੰਘ ਖਿਆਲਾਂ, ਲੱਖਾਂ ਸਿੰਘ ਭੈਣੀ, ਗੁਰਮੀਤ ਸਿੰਘ ਬੁਰਜਰਾਠੀ, ਨਰੈਣ ਦੇਵ ਬੁਰਜ ਰਾਠੀ ਮਹਿੰਦਰ ਸਿੰਘ ਬੁਰਜ ਰਾਠੀ ਤੋ ਇਲਾਵਾ ਹਰਦੇਵ ਸਿੰਘ ਬੁਰਜਰਾਠੀ ਆਦਿ ਹਾਜ਼ਰ ਸਨ।


Related News