ਖੁਦਕੁਸ਼ੀਆਂ ਕਰ ਗਏ ਕਿਸਾਨ ਪਰਿਵਾਰਾਂ ਦੀ ਬਾਂਹ ਬੜੇ ਸਰਕਾਰ : ਕਿਸਾਨ ਆਗੂ

04/08/2017 5:49:56 PM

ਫ਼ਰੀਦਕੋਟ (ਹਾਲੀ) : ਦੇਸ਼ ਵਿਚ ਅੰਨਦਾਤਾ ਕਹਾਉਣ ਵਾਲੇ ਕਿਸਾਨਾਂ ਦਾ ਖੁਦਕੁਸ਼ੀਆਂ ਦਾ ਮਾਮਲਾ ਦਿਨੋਂ ਦਿਨ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਪਿਛਲੇ 10 ਸਾਲਾਂ ਵਿਚ ਅਕਾਲੀ-ਭਾਜਪਾ ਸਰਕਾਰ ਨੇ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੇ ਮਾਮਲੇ ''ਤੇ ਕੋਈ ਠੋਸ ਕਦਮ ਨਹੀਂ ਚੁੱਕੇ। ਇਹ ਜਾਣਕਾਰੀ ਕਿਸਾਨ ਭੁਪਿੰਦਰ ਸਿੰਘ ਬਰਾੜ ਨੇ ਦਿੰਦਿਆਂ ਦੱਸਿਆ ਕਿ ਕਾਂਗਰਸ ਸਰਕਾਰ ਨੇ ਸਭ ਤੋਂ ਪਹਿਲਾਂ ਇਹ ਬਿਆਨ ਦਿੱਤਾ ਸੀ ਕਿ ਪੰਜਾਬ ਵਿਚ ਕਿਸੇ ਵੀ ਕਿਸਾਨ ਦੀ ਨਾ ਤਾਂ ਜ਼ਮੀਨ ਕੁਰਕ ਕੀਤੀ ਜਾਵੇਗੀ ਅਤੇ ਕਿਸਾਨਾਂ ਦਾ ਕਰਜ਼ਾ ਸਰਕਾਰ ਵੱਲੋਂ ਖੁਦ ਭਰਿਆ ਜਾਵੇਗਾ ਪਰ ਅਜੇ ਤੱਕ ਕਿਸੇ ਵੀ ਬਿਆਨ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਜਲਦੀ ਮੁਆਫ਼ ਕਰੇ ਅਤੇ ਖੁਦਕਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਦੀ ਸਾਰ ਲਵੇ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਨੇੜਲੇ ਪਿੰਡ ਦੇ ਕਿਸਾਨ ਨੇ ਰੇਲ ਗੱਡੀ ਹੇਠ ਆ ਕੇ ਖੁਦਕਸ਼ੀ ਕਰ ਲਈ ਪਰ ਸਿਆਸੀ ਜਾਂ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਕਿਸਾਨ ਦੇ ਸਸਕਾਰ ''ਤੇ ਨਹੀਂ ਪਹੁੰਚਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਵੇਲੇ ਦੇਸ਼ ਦਾ ਕਿਸਾਨ ਅੰਨਦਾਤਾ ਮੰਨਿਆ ਜਾਂਦਾ ਸੀ ਪਰ ਹੁਣ ਖੁਦਕੁਸ਼ੀਆਂ ਦੇ ਰਾਹ ਪੈ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਕਿਸਾਨਾਂ ਦੀਆਂ ਫ਼ਸਲਾਂ ਦੇ ਭਾਅ ਮਾਮੂਲੀ ਵਧਾਉਂਦੀ ਹੈ ਪਰ ਰੇਹਾਂ, ਸਪਰੇਆਂ ਅਤੇ ਖਾਦਾਂ ਦੇ ਰੇਟਾਂ ਵਿਚ ਵਾਧਾ ਦੁੱਗਣਾ ਕੀਤਾ ਜਾਂਦਾ ਹੈ।


Gurminder Singh

Content Editor

Related News