51 ਲੱਖ ਦੀ ''ਮੱਝ'' ਵਿਕਣ ਤੇ ਕਿਸਾਨ ਅੰਦੋਲਨ ’ਚ ਲਾਏ ਲੰਗਰ ਦਾ ਹੈਰਾਨੀਜਨਕ ਸੱਚ ਆਇਆ ਸਾਹਮਣੇ

01/01/2021 1:37:28 PM

ਮਾਛੀਵਾੜਾ ਸਾਹਿਬ (ਟੱਕਰ) : ਦਿੱਲੀ ਦੇ ਟਿੱਕਰੀ ਅਤੇ ਸਿੰਘੂ ਬਾਰਡਰ ’ਤੇ ਕਿਸਾਨ ਅੰਦੋਲਨ ਦੌਰਾਨ ਹਰਿਆਣਾ ਦੇ ਇੱਕ ਕਿਸਾਨ ਵੱਲੋਂ ਲਾਏ ਲੰਗਰ ਤੋਂ ਬਾਅਦ ਚਰਚਾ ’ਚ ਆਈ 51 ਲੱਖ ਰੁਪਏ ਦੀ ਵਿਕੀ ਸਰਸਵਤੀ ਮੱਝ ਅਤੇ ਉਸ ਨਾਲ ਕਿਸਾਨਾਂ ਲਈ ਲਾਏ ਲੰਗਰ ਨੇ ਸੋਸ਼ਲ ਮੀਡੀਆ ’ਤੇ ਵੱਡੀਆਂ ਚਰਚਾਵਾਂ ਛੇੜ ਦਿੱਤੀਆਂ ਪਰ ‘ਜਗ ਬਾਣੀ’ ਵਲੋਂ ਇਸ ਮਾਮਲੇ ਦੀ ਤਹਿ ਤੱਕ ਜਾ ਕੇ ਹੈਰਾਨੀਜਨਕ ਸੱਚ ਸਾਹਮਣੇ ਲਿਆਂਦਾ ਗਿਆ ਹੈ। ਜਾਣਕਾਰੀ ਅਨੁਸਾਰ ਹਰਿਆਣਾ ਪ੍ਰਦੇਸ਼ ਜ਼ਿਲ੍ਹਾ ਹਿਸਾਰ, ਪਿੰਡ ਲਤਾਣੀ ਦੇ ਰਹਿਣ ਵਾਲੇ ਵਪਾਰੀ ਸੁਖਬੀਰ ਢਾਂਡਾ ਨੇ ਟਿੱਕਰੀ ਬਾਰਡਰ 'ਤੇ ਕਿਸਾਨ ਅੰਦੋਲਨ ਦੌਰਾਨ ਲੰਗਰ ਲਗਾਇਆ ਹੋਇਆ ਸੀ, ਜਿੱਥੇ ਇੱਕ ਵਿਅਕਤੀ ਨੇ ਸੋਸ਼ਲ ਮੀਡੀਆ ’ਤੇ ਗੁੰਮਰਾਹਕੁੰਨ ਬਿਆਨ ਜਾਰੀ ਕਰ ਦਿੱਤਾ ਕਿ ਉਕਤ ਕਿਸਾਨ ਨੇ 51 ਲੱਖ ਰੁਪਏ ਦੀ ਸਰਸਵਤੀ ਨਾਮ ਦੀ ਮੱਝ ਮਾਛੀਵਾੜਾ ਦੇ ਇੱਕ ਪਸ਼ੂ ਪਾਲਕ ਨੂੰ ਵੇਚੀ ਹੈ, ਜਿਸ ਨਾਲ ਇਹ ਲੰਗਰ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੀਆਂ ਸੜਕਾਂ 'ਤੇ ਹੁਣ ਨਹੀਂ ਦਿਖਣਗੇ 'ਛੋਟੇ ਨੰਬਰਾਂ' ਵਾਲੇ ਵਾਹਨ, ਇਹ ਹੈ ਕਾਰਨ

PunjabKesari

‘ਜਗ ਬਾਣੀ’ ਟੀਮ ਵਲੋਂ ਮਾਛੀਵਾੜਾ ਨੇੜਲੇ ਪਿੰਡ ਰਜ਼ੂਲ ਵਿਖੇ ਇਸ 51 ਲੱਖ ਰੁਪਏ ਦੀ ਮੱਝ ਖਰੀਦਣ ਵਾਲੇ ਕਿਸਾਨ ਪਵਿੱਤਰ ਸਿੰਘ ਨਾਲ ਜਦੋਂ ਰਾਬਤਾ ਕਾਇਮ ਕੀਤਾ ਤਾਂ ਉੱਥੋਂ ਹੈਰਾਨੀਜਨਕ ਸੱਚ ਸਾਹਮਣੇ ਆਇਆ। ਕਿਸਾਨ ਪਵਿੱਤਰ ਸਿੰਘ ਨੇ ਖ਼ੁਲਾਸਾ ਕੀਤਾ ਕਿ ਉਹ ਮੋਹਰਾ ਨਸਲ ਦੀਆਂ ਮੱਝਾਂ ਦਾ ਵਪਾਰ ਕਰਦਾ ਹੈ ਅਤੇ ਫਰਵਰੀ ਮਹੀਨੇ ’ਚ ਉਸ ਨੇ ਇਹ ਸਰਸਵਤੀ ਨਾਮ ਦੀ ਮੱਝ ਹਿਸਾਰ ਦੇ ਵਪਾਰੀ ਸੁਖਬੀਰ ਢਾਂਡਾ ਤੋਂ ਖਰੀਦੀ ਸੀ, ਜਿਸ ਬਦਲੇ 51 ਲੱਖ ਰੁਪਏ ਦਾ ਨਕਦ ਲੈਣ-ਦੇਣ ਕੋਈ ਨਹੀਂ ਹੋਇਆ। ਮੱਝ ਖਰੀਦਣ ਵਾਲੇ ਕਿਸਾਨ ਪਵਿੱਤਰ ਸਿੰਘ ਨੇ ਦੱਸਿਆ ਕਿ ਉਸਨੇ ਸਰਸਵਤੀ ਬਦਲੇ 7 ਮੱਝਾਂ ਅਤੇ 2.50 ਲੱਖ ਰੁਪਏ ਨਕਦ ਵਪਾਰੀ ਸੁਖਬੀਰ ਢਾਂਡਾ ਨੂੰ ਦਿੱਤੇ ਸਨ ਅਤੇ ਉਸਨੇ ਅੱਗੇ ਮੇਰੇ ਵਲੋਂ ਵੇਚੀਆਂ ਇਹ ਮੱਝਾਂ 51 ਲੱਖ ਰੁਪਏ ’ਚ ਵੇਚੀਆਂ ਜਾਂ ਸਸਤੀਆਂ ਇਸ ਬਾਰੇ ਕੋਈ ਜਾਣਕਾਰੀ ਨਹੀਂ। ਚਰਚਾ ’ਚ ਆਈ ਸਰਸਵਤੀ ਮੱਝ ਦੇ ਮਾਲਕ ਪਵਿੱਤਰ ਸਿੰਘ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਕਿਸਾਨ ਅੰਦੋਲਨ ਦੌਰਾਨ ਹਿਸਾਰ ਦੇ ਵਪਾਰੀ ਸੁਖਬੀਰ ਵਲੋਂ ਜੋ ਲੰਗਰ ਲਗਾਇਆ ਗਿਆ, ਉਹ ਵੀ ਉਸ ’ਚ ਸੇਵਾ ਕਰਕੇ ਆਏ ਹਨ ਅਤੇ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਉਹ ਵੀ ਰਾਸ਼ਨ ਸਮੱਗਰੀ ਦਾ ਯੋਗਦਾਨ ਪਾ ਕੇ ਆਏ ਹਨ। ਪਸ਼ੂ ਪਾਲਕ ਪਵਿੱਤਰ ਸਿੰਘ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਵਪਾਰੀ ਸੁਖਬੀਰ ਨੇ ਇਹ ਵੀ ਜ਼ਿਕਰ ਨਹੀਂ ਕੀਤਾ ਕਿ 51 ਲੱਖ ਰੁਪਏ ਦੀ ਵੇਚੀ ਸਰਸਵਤੀ ਮੱਝ ਨਾਲ ਉਹ ਕਿਸਾਨ ਅੰਦੋਲਨ ’ਚ ਬੈਠੇ ਲੋਕਾਂ ਲਈ ਲੰਗਰ ਲਗਾ ਰਿਹਾ ਹੈ, ਸਗੋਂ ਇਹ ਲੰਗਰ ਦੀ ਸੇਵਾ ਸਭ ਦੇ ਸਹਿਯੋਗ ਨਾਲ ਚੱਲ ਰਹੀ ਹੈ। 51 ਲੱਖ ਰੁਪਏ ਦੀ ਮੱਝ ਖਰੀਦਣ ਦੀਆਂ ਸੋਸ਼ਲ ਮੀਡੀਆ ’ਤੇ ਫੈਲੀਆਂ ਗੁੰਮਰਾਹਕੁੰਨ ਚਰਚਾਵਾਂ ’ਤੇ ਪਵਿੱਤਰ ਸਿੰਘ ਨੇ ਕਿਹਾ ਕਿ ਬੇਸ਼ੱਕ ਇਹ ਸਰਸਵਤੀ ਮੱਝ ਉਸ ਲਈ ਬੇਸ਼ਕੀਮਤੀ ਹੈ ਪਰ ਕਿਸਾਨ ਅੰਦੋਲਨ ਦੌਰਾਨ ਅਜਿਹੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਵੀ ਲੋੜ ਹੈ।

ਇਹ ਵੀ ਪੜ੍ਹੋ : ਜਜ਼ਬੇ ਨੂੰ ਸਲਾਮ, ਨੌਜਵਾਨ ਕਿਸਾਨ ਨੇ ਧਰਨੇ 'ਚ ਬੈਠ ਕੇ ਹੀ ਦੇ ਦਿੱਤੀ LLB ਦੀ ਪ੍ਰੀਖਿਆ

PunjabKesari

ਕੀ, ਸਰਸਵਤੀ ਮੱਝ ਪਾਕਿਸਤਾਨ ਦੀ ਮੱਝ ਦਾ ਵਿਸ਼ਵ ਰਿਕਾਰਡ ਤੋੜੇਗੀ?

ਸਰਸਵਤੀ ਮੱਝ ਦੇ ਮਾਲਕ ਪਵਿੱਤਰ ਸਿੰਘ ਨੇ ਦੱਸਿਆ ਕਿ ਜਦੋਂ ਇਹ ਮੱਝ ਪਹਿਲੇ ਮਾਲਕ ਸੁਖਬੀਰ ਢਾਂਡਾ ਕੋਲ ਸੀ ਤਾਂ ਇਸ ਨੇ ਵਿਸ਼ਵ ਰਿਕਾਰਡ ਬਣਾਇਆ ਸੀ,  ਜਿਸ ਤਹਿਤ ਇੱਕ ਦਿਨ ਦੀ ਇਸ ਮੱਝ ਦੀ ਚੋਆਈ ਦਾ ਵਿਸ਼ਵ ਰਿਕਾਰਡ 33.131 ਕਿਲੋਗ੍ਰਾਮ ਹੈ ਪਰ ਹੁਣ ਇਹ ਵਿਸ਼ਵ ਰਿਕਾਰਡ ਪਾਕਿਸਤਾਨ ਦੀ ਮੱਝ ਨੇ ਤੋੜ ਦਿੱਤਾ ਹੈ, ਜਿਸ ਨੇ ਇੱਕ ਦਿਨ ’ਚ 33.856 ਕਿਲੋਗ੍ਰਾਮ ਦਰਜ ਕੀਤਾ ਗਿਆ। ਪਸ਼ੂ ਪਾਲਕ ਪਵਿੱਤਰ ਸਿੰਘ ਨੇ ਦੱਸਿਆ ਕਿ ਉਹ ਸਰਸਵਤੀ ਮੱਝ ਨੂੰ ਦੁਬਾਰਾ ਪਾਕਿਸਤਾਨ ਦੀ ਮੱਝ ਦਾ ਵਿਸ਼ਵ ਰਿਕਾਰਡ ਤੋੜਨ ਲਈ ਤਿਆਰ ਕਰ ਰਿਹਾ ਹੈ, ਜਿਸ ਤਹਿਤ 19 ਤੇ 20 ਜਨਵਰੀ ਨੂੰ ਇਸ ਮੱਝ ਦੀ ਚੋਆਈ ਪਸ਼ੂ ਮਾਹਿਰਾਂ ਅਤੇ ਆਮ ਲੋਕਾਂ ਦੇ ਸਾਹਮਣੇ ਲਾਈਵ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਪਰਮਾਤਮਾ ’ਤੇ ਯਕੀਨ ਹੈ ਕਿ ਸਰਸਵਤੀ ਮੱਝ ਪਾਕਿਸਤਾਨ ਦੀ ਮੱਝ ਦਾ ਵਿਸ਼ਵ ਰਿਕਾਰਡ ਤੋੜ ਕੇ ਇੱਕ ਦਿਨ ’ਚ ਉਸ ਤੋਂ ਵੱਧ ਦੁੱਧ ਦੇਵੇਗੀ। ਪਸ਼ੂ ਪਾਲਕ ਪਵਿੱਤਰ ਸਿੰਘ ਨੇ ਇਹ ਵੀ ਕਿਹਾ ਕਿ ਮੋਹਰਾ ਨਸਲ ਦੀਆਂ ਮੱਝਾਂ ਵੇਚਣ ਅਤੇ ਇਨ੍ਹਾਂ ਨੂੰ ਪਾਲਣ ਦਾ ਕਾਰੋਬਾਰ ਉਨ੍ਹਾਂ ਦੇ ਦਾਦੇ-ਪੜਦਾਦਿਆਂ ਦੇ ਸਮੇਂ ਤੋਂ ਚੱਲਦਾ ਆ ਰਿਹਾ ਹੈ, ਜਿਸ ’ਚ ਉਹ ਸਖ਼ਤ ਮਿਹਨਤ ਕਰ ਵਧੀਆ ਨਸਲ ਦੀਆਂ ਮੱਝਾਂ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਤਾਂ ਜੋ ਪੰਜਾਬ ਸੂਬਾ ਪੂਰੀ ਦੁਨੀਆ ’ਚ ਪਸ਼ੂ ਪਾਲਕਾਂ ਵਜੋਂ ਇੱਕ ਨੰਬਰ ’ਤੇ ਆ ਸਕੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 'ਬੀਬੀਆਂ' ਨੂੰ ਦਿੱਤਾ ਨਵੇਂ ਸਾਲ ਦਾ ਤੋਹਫ਼ਾ, ਬੇਝਿਜਕ ਰੱਖ ਸਕਣਗੀਆਂ ਆਪਣੀ ਗੱਲ

ਸਰਵਸਤੀ ਮੱਝ ਦਾ ਬੱਚਾ ਨਵਾਬ ਵੀ ਹੈ ਬੇਸ਼ਕੀਮਤੀ 
ਸਰਸਵਤੀ ਮੱਝ ਦਾ ਇੱਕ ਬੱਚਾ ਨਵਾਬ (ਝੋਟਾ) ਮਾਛੀਵਾੜਾ ਨੇੜਲੇ ਪਿੰਡ ਕੋਟ ਗੰਗੂਰਾਏ ਦੇ ਵਸਨੀਕ ਨੰਬਰਦਾਰ ਹਰਜੀਤ ਸਿੰਘ ਕੋਲ ਹੈ, ਜਿਸ ਨੇ ਦੱਸਿਆ ਕਿ ਇਹ ਬੱਚਾ ਵੀ ਉਸਨੇ ਹਿਸਾਰ ਦੇ ਵਪਾਰੀ ਸੁਖਬੀਰ ਤੋਂ ਖਰੀਦਿਆ। ਪਸ਼ੂ ਪਾਲਕ ਹਰਜੀਤ ਸਿੰਘ ਅਨੁਸਾਰ ਨਵਾਬ ਦੀ ਉਮਰ ਇਸ ਸਮੇਂ 3 ਸਾਲ ਤੋਂ ਵੱਧ ਹੈ ਅਤੇ ਮੇਰੇ ਲਈ ਇਹ ਪੁੱਤਾਂ ਨਾਲੋਂ ਵੱਧ ਤੇ ਬੇਸ਼ਕੀਮਤੀ ਹੈ। ਪਸ਼ੂ ਪਾਲਕ ਹਰਜੀਤ ਸਿੰਘ ਅਨੁਸਾਰ ਉਹ ਨਵਾਬ ਦਾ ਸ਼ੀਰਮ ਜੋ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ, ਉਸ ਨੂੰ ਵੇਚਦਾ ਹੈ, ਜਿਸ ਤੋਂ ਵਧੀਆ ਨਸਲ ਦੀਆਂ ਮੱਝਾਂ ਤਿਆਰ ਹੋ ਰਹੀਆਂ ਹਨ। ਹਰਜੀਤ ਸਿੰਘ ਨੇ ਇਹ ਵੀ ਕਿਹਾ ਕਿ ਅੱਜ ਦੀ ਜਵਾਨੀ ਵਿਦੇਸ਼ਾਂ ’ਚ ਜਾਣ ਦੀ ਬਜਾਏ ਪੰਜਾਬ ਦੀ ਧਰਤੀ ’ਤੇ ਹੀ ਵਧੀਆ ਨਸਲ ਦੇ ਪਸ਼ੂ ਪਾਲਣ ਦਾ ਕੰਮ ਕਰੇ, ਜਿਸ ਨਾਲ ਆਮਦਨ ਵੀ ਚੰਗੀ ਹੋਵੇਗੀ ਅਤੇ ਪੰਜਾਬ ਦਾ ਮਾਣ ਵੀ ਵਧੇਗਾ।    
ਨੋਟ : ਕਿਸਾਨ ਅੰਦੋਲਨ ਦਰਮਿਆਨ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਗੁੰਮਰਾਹਕੁੰਨ ਅਫ਼ਵਾਹਾਂ ਬਾਰੇ ਕੀ ਹੈ ਤੁਹਾਡੀ ਰਾਏ
 


Babita

Content Editor

Related News