ਅੰਦੋਲਨ ਦਰਮਿਆਨ 'ਕਿਸਾਨਾਂ' 'ਚ ਵੱਧ ਰਿਹੈ ਤਣਾਅ, ਸਿਹਤ ਸਬੰਧੀ ਕਰਨਾ ਪੈ ਰਿਹੈ ਦਿੱਕਤਾਂ ਦਾ ਸਾਹਮਣਾ

Wednesday, Jan 20, 2021 - 04:29 PM (IST)

ਚੰਡੀਗੜ੍ਹ (ਅਰਚਨਾ) : ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਿੰਘੂ, ਟਿੱਕਰੀ ਅਤੇ ਗਾਜੀਪੁਰ ਬਾਰਡਰ ’ਤੇ ਬੈਠੇ ਕਿਸਾਨਾਂ ਨੂੰ ਤਣਾਅ, ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਜੋੜਾਂ 'ਚ ਦਰਦ ਦੀ ਸ਼ਿਕਾਇਤ ਵੀ ਸ਼ੁਰੂ ਹੋ ਗਈ ਹੈ। ਬਾਰਡਰ ’ਤੇ ਸਿਹਤ ਕੈਂਪ ਚਲਾਉਣ ਵਾਲੇ ਡਾਕਟਰਾਂ ਦੀ ਮੰਨੀਏ ਤਾਂ ਕਈ ਕਿਸਾਨਾਂ ਦਾ ਬਲੱਡ ਪ੍ਰੈਸ਼ਰ 240 ਤੋਂ 250 ਤੱਕ ਦੇਖਣ ਨੂੰ ਮਿਲ ਰਿਹਾ ਹੈ। ਬਹੁਤ ਸਾਰੇ ਲੋਕਾਂ ਦੀ ਸ਼ੂਗਰ ਵੀ ਬੇਕਾਬੂ ਹੋ ਗਈ ਹੈ। ਲੋਕ ਬਾਰਡਰ ’ਤੇ ਇਹੀ ਮੰਨ ਕੇ ਆਏ ਸਨ ਕਿ ਕੁੱਝ ਦਿਨਾਂ 'ਚ ਵਾਪਸ ਘਰਾਂ ਨੂੰ ਪਰਤ ਜਾਣਗੇ ਪਰ ਅੰਦੋਲਨ ਲੰਬਾ ਚੱਲਣ ਕਾਰਣ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀਆਂ ਦਵਾਈਆਂ ਖ਼ਤਮ ਹੋ ਗਈਆਂ ਹਨ। ਹੁਣ ਬਾਰਡਰ ’ਤੇ ਹਰ 500 ਮੀਟਰ ਦੀ ਦੂਰੀ ’ਤੇ ਸਿਹਤ ਕੈਂਪ ਲਗਾ ਕੇ ਬਲੱਡ ਪ੍ਰੈਸ਼ਰ, ਸ਼ੂਗਰ, ਬੁਖ਼ਾਰ, ਦਰਦ ਆਦਿ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਇਕ ਦਿਨ 'ਚ ਇਕ ਕੈਂਪ 'ਚ ਤਿੰਨ ਤੋਂ ਚਾਰ ਹਜ਼ਾਰ ਲੋਕ ਸਿਹਤ ਜਾਂਚ ਲਈ ਆ ਰਹੇ ਹਨ। ਹਫ਼ਤੇ ਦੇ ਅਖ਼ੀਰ 'ਤੇ ਇਹ ਗਿਣਤੀ 6 ਹਜ਼ਾਰ ਤੱਕ ਪਹੁੰਚ ਜਾਂਦੀ ਹੈ। ਗੰਦਾ ਪਾਣੀ ਪੀਣ ਕਾਰਣ ਡਾਇਰੀਆ ਦੀ ਪਰੇਸ਼ਾਨੀ ਵੀ ਹੋ ਗਈ ਸੀ ਪਰ ਹੁਣ ਡਾਇਰੀਆ ਨੂੰ ਕਾਬੂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਇਸ ਸਾਲ ਵੱਖਰੇ ਤਰੀਕੇ ਨਾਲ ਹੋਣਗੇ 'ਗਣਤੰਤਰ ਦਿਹਾੜੇ' ਦੇ ਪ੍ਰੋਗਰਾਮ

PunjabKesari
ਪੀਣ ਲਈ ਲੈ ਜਾਣਗੇ ਪਾਣੀ ਦੀਆਂ ਪੇਟੀਆਂ
ਜ਼ੀਰਕਪੁਰ ਦੇ ਕਿਸਾਨ ਹਰਦੀਪ ਦਾ ਕਹਿਣਾ ਹੈ ਕਿ ਉਹ 26 ਜਨਵਰੀ ਦੇ ਟਰੈਕਟਰ ਮਾਰਚ ਦੀ ਤਿਆਰੀ ਕਰ ਰਹੇ ਹਨ। ਟਰੈਕਟਰ ਮਾਰਚ ਕੱਢਣ ਲਈ 100 ਤੋਂ ਜ਼ਿਆਦਾ ਲੋਕ ਜਦੋਂ ਬਾਰਡਰ ’ਤੇ ਪਹੁੰਚਣਗੇ ਤਾਂ ਨਾਲ ਲੋਕਾਂ ਲਈ ਪਾਣੀ ਦੀਆਂ ਪੇਟੀਆਂ ਵੀ ਲੈ ਕੇ ਜਾਣਗੇ। ਪਹਿਲਾਂ ਵੀ ਉਹ 500 ਦੇ ਕਰੀਬ ਪਾਣੀ ਦੀਆਂ ਪੇਟੀਆਂ ਬਾਰਡਰ ’ਤੇ ਦੇ ਕੇ ਆ ਚੁੱਕੇ ਹਨ। ਹੁਣ ਵੀ ਲੋਕਾਂ ਲਈ ਪਾਣੀ ਦੀਆਂ ਪੇਟੀਆਂ ਲੈ ਜਾਣਗੇ। ਹਰਦੀਪ ਦਾ ਕਹਿਣਾ ਹੈ ਕਿ ਸਰਕਾਰ ਜਦੋਂ ਤੱਕ ਕਾਨੂੰਨ ਰੱਦ ਕਰਨ ਦੀ ਆਪਣੀ ਜ਼ਿੱਦ ਨਹੀਂ ਛੱਡਦੀ, ਉਦੋਂ ਤੱਕ ਉਹ ਲੋਕ ਇਸੇ ਤਰ੍ਹਾਂ ਬਾਰਡਰ ’ਤੇ ਜੁੱਟੇ ਰਹਿਣਗੇ। ਹੁਣ ਕਿਸਾਨ ਅੰਦੋਲਨ ਨਹੀਂ ਕਰਨਗੇ ਤਾਂ ਉਹ ਦਿਨ ਦੂਰ ਨਹੀਂ, ਜਦੋਂ ਉਨ੍ਹਾਂ ਦਾ ਸਾਰਾ ਪਰਿਵਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਸੜਕਾਂ ’ਤੇ ਆ ਜਾਣਗੀਆਂ।

ਇਹ ਵੀ ਪੜ੍ਹੋ : ਏਅਰਫੋਰਸ ਸਟੇਸ਼ਨ ਦੀ ਕੰਧ ਟੱਪ ਕੇ ਅੱਧੀਂ ਰਾਤੀਂ ਅੰਦਰ ਵੜਿਆ ਨੌਜਵਾਨ, ਖੁਫ਼ੀਆ ਏਜੰਸੀਆਂ ਦੀ ਵਧੀ ਚਿੰਤਾ

PunjabKesari
‘ਅਮਰੀਕਾ ਤੋਂ ਨੌਕਰੀ ਛੱਡ ਕੇ ਆਏ ਭਾਰਤ, ਹੁਣ ਬਾਰਡਰ ’ਤੇ ਲਗਾ ਰਹੇ ਸਿਹਤ ਜਾਂਚ ਕੈਂਪ
ਕਿਸਾਨ ਅੰਦੋਲਨ ਦੀ ਹਮਾਇਤ ਲਈ ਅਮਰੀਕਾ ਤੋਂ ਨੌਕਰੀ ਛੱਡ ਕੇ ਭਾਰਤ ਆਏ ਡਾ. ਸਵਾਯਮਾਨ ਸਿੰਘ ਬਾਰਡਰ ’ਤੇ ਮਲਟੀਸਪੈਸ਼ੈਲਿਟੀ ਹੈਲਥ ਚੈੱਕਅਪ ਕੈਂਪ ਚਲਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 55 ਦਿਨ ਤੋਂ ਜ਼ਿਆਦਾ ਸਮਾਂ ਲੰਘ ਚੁੱਕਿਆ ਹੈ, ਅਜਿਹੇ 'ਚ ਘਰਾਂ ਤੋਂ ਦੂਰ ਬੈਠੇ ਕਿਸਾਨਾਂ 'ਚ ਤਣਾਅ ਵਧਣ ਲੱਗਾ ਹੈ। ਉਨ੍ਹਾਂ ਨੂੰ ਉਮੀਦ ਸੀ ਕਿ ਸਰਕਾਰ ਕੁੱਝ ਦਿਨਾਂ 'ਚ ਗੱਲ ਮੰਨ ਲਵੇਗੀ ਅਤੇ ਉਹ ਪਰਤ ਜਾਣਗੇ ਪਰ ਕੇਂਦਰ ਗੱਲ ਮੰਨਣ ਨੂੰ ਤਿਆਰ ਨਹੀਂ ਅਤੇ ਅੰਦੋਲਨ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਬਾਰਡਰ ’ਤੇ ਬੈਠੇ ਕਿਸਾਨਾਂ ਦੀ ਗਿਣਤੀ 'ਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਕੈਂਪ 'ਚ ਜਾਂਚ ਲਈ ਆਉਣ ਵਾਲੇ ਕਿਸਾਨਾਂ 'ਚ ਇੰਨਾ ਹਾਈ ਬਲੱਡ ਪ੍ਰੈਸ਼ਰ ਦੇਖਣ ਨੂੰ ਮਿਲ ਰਿਹਾ ਹੈ, ਜਿੰਨਾ ਪਹਿਲਾਂ ਨਹੀਂ ਦੇਖਿਆ ਸੀ। 250 ਤੋਂ ਜ਼ਿਆਦਾ ਬਲੱਡ ਪ੍ਰੈਸ਼ਰ ਵਾਲਿਆਂ ਨੂੰ ਦੂਜੀਆਂ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਅੱਖਾਂ ਅਤੇ ਕਿਡਨੀ ਤੋਂ ਇਲਾਵਾ ਹੋਰ ਅੰਗਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਜੋੜਾਂ ਦੇ ਦਰਦ ਨਾਲ ਵੀ ਕਈ ਬੀਬੀਆਂ ਅਤੇ ਬਜ਼ੁਰਗਾਂ ਨੂੰ ਪਰੇਸ਼ਾਨੀ ਆ ਰਹੀ ਹੈ। ਠੰਡ ਕਾਰਣ ਕਈ ਲੋਕਾਂ ਨੂੰ ਬੁਖ਼ਾਰ ਅਤੇ ਖੰਘ ਤੋਂ ਇਲਾਵਾ ਸਰਦੀ ਨਾਲ ਸਬੰਧੀ ਹੋਰ ਸ਼ਿਕਾਇਤਾਂ ਵੀ ਹੋ ਰਹੀਆਂ ਹਨ। ਕੁੱਝ ਦਿਨ ਪਹਿਲਾਂ ਲੋਕਾਂ ਨੂੰ ਡਾਇਰੀਆ ਹੋ ਗਿਆ ਸੀ ਪਰ ਦਵਾਈਆਂ ਕਾਰਣ ਹੁਣ ਮਾਮਲੇ ਘੱਟ ਹੋ ਗਏ ਹਨ।

ਇਹ ਵੀ ਪੜ੍ਹੋ : ਬੇਅੰਤ ਸਿੰਘ ਕਤਲ ਮਾਮਲੇ 'ਚ 'ਜਗਤਾਰ ਸਿੰਘ ਹਵਾਰਾ' ਦੀ ਜ਼ਮਾਨਤ ਪਟੀਸ਼ਨ ਖਾਰਜ਼
ਸਾਫ਼-ਸਫ਼ਾਈ ਦਾ ਵੀ ਰੱਖਿਆ ਜਾ ਰਿਹੈ ਪੂਰਾ ਧਿਆਨ
ਬਾਰਡਰ ’ਤੇ ਲੋਕਾਂ ਦੀ ਮਦਦ ਲਈ ਮੌਜੂਦ ਡੈਂਟਿਸਟ ਨਵਕਿਰਣ ਦਾ ਕਹਿਣਾ ਹੈ ਕਿ ਇੱਥੇ ਲੋਕਾਂ ਦੀ ਗਿਣਤੀ ਵੱਧਣ ਦੇ ਨਾਲ-ਨਾਲ ਚਿਕਿਤਸਾ ਕੈਂਪਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਕੈਂਪਾਂ 'ਚ ਲੋਕਾਂ ਲਈ ਹਰ ਕਿਸਮ ਦੀਆਂ ਦਵਾਈਆਂ ਰੱਖੀਆਂ ਗਈਆਂ ਹਨ। ਕੈਂਪਾਂ 'ਚ ਲੋਕਾਂ ਨੂੰ ਮੁੱਢਲੀ ਸਹਾਇਤਾ ਦੇਣ ਦਾ ਪ੍ਰਬੰਧ ਹੈ। ਪਹਿਲਾਂ ਬਾਰਡਰ ਕੋਲ ਕੂੜਾ ਇਕੱਠਾ ਹੋਣ ਕਾਰਣ ਪਰੇਸ਼ਾਨੀ ਹੋ ਰਹੀ ਸੀ ਪਰ ਹੁਣ ਲੋਕਾਂ ਨੇ ਖ਼ੁਦ ਕੂੜੇ ਨੂੰ ਟਿਕਾਣੇ ਲਗਾ ਦਿੱਤਾ ਹੈ। ਸਾਫ਼-ਸਫਾਈ ਦਾ ਵੀ ਇੱਥੇ ਭਰਪੂਰ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਗੰਦਗੀ ਕਾਰਣ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ।

ਇਹ ਵੀ ਪੜ੍ਹੋ : ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ 'ਅਕਾਲੀ ਦਲ' ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਥਕਾਵਟ ਨਾਲ ਵੱਧ ਰਿਹੈ ਗੋਡਿਆਂ 'ਚ ਦਰਦ
ਗਾਜੀਪੁਰ ਬਾਰਡਰ ’ਤੇ ਚੱਲਣ ਵਾਲੇ ਨੌਜਵਾਨ ਕਿਸਾਨ ਸਹਾਇਤਾ ਕੇਂਦਰ ਦੇ ਡਾਕਟਰ ਦਾ ਕਹਿਣਾ ਹੈ ਕਿ ਬਾਰਡਰ ’ਤੇ ਲੋਕਾਂ ਦੀ ਲੋੜ ਦੇ ਹਿਸਾਬ ਨਾਲ ਲਗਭਗ ਸਾਰੇ ਕਿਸਮ ਦੀਆਂ ਦਵਾਈਆਂ ਰੱਖੀਆਂ ਗਈਆਂ ਹਨ ਅਤੇ ਜੇਕਰ ਮਰੀਜ਼ ਦੀ ਸਿਹਤ ਦੇ ਅਨੁਸਾਰ ਕੋਈ ਦਵਾਈ ਕੈਂਪ 'ਚ ਨਹੀਂ ਹੁੰਦੀ ਹੈ ਤਾਂ ਬਾਹਰੋਂ ਦਵਾਈ ਖਰੀਦ ਕੇ ਲੋਕਾਂ ਨੂੰ ਦੇ ਦਿੱਤੀ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਐਸੀਡਿਟੀ ਅਤੇ ਥਕਾਵਟ ਦੇ ਚੱਲਦਿਆਂ ਗੋਡਿਆਂ 'ਚ ਦਰਦ ਦੀ ਸਮੱਸਿਆ ਵੀ ਆ ਰਹੀ ਹੈ। ਸਰਦੀ, ਬੁਖ਼ਾਰ ਵੀ ਠੰਡ ਕਾਰਨ ਵਧ ਰਿਹਾ ਹੈ। ਬਾਰਡਰ ’ਤੇ ਕਈ ਸਵੈ ਸੇਵੀ ਸੰਗਠਨਾਂ ਵੱਲੋਂ ਚਿਕਿਤਸਾ ਕੈਂਪ ਆਯੋਜਿਤ ਕੀਤੇ ਗਏ ਹਨ।
ਨੋਟ : ਦਿੱਲੀ ਮੋਰਚੇ ਦੌਰਾਨ ਕਿਸਾਨਾਂ ਨੂੰ ਸਿਹਤ ਸਬੰਧੀ ਆ ਰਹੀਆਂ ਸਮੱਸਿਆਵਾਂ ਬਾਰੇ ਦਿਓ ਆਪਣੀ ਰਾਏ


 


Babita

Content Editor

Related News