''ਕਿਸਾਨੀ ਘੋਲ'' ਦੀ ਹਮਾਇਤ ''ਚ ਸਫਾਈ ਮੁਲਾਜ਼ਮ ਯੂਨੀਅਨ ਤੇ ਸਮਾਜ ਸੇਵੀ ਦਿੱਲੀ ਰਵਾਨਾ

Monday, Jan 11, 2021 - 02:07 PM (IST)

ਜ਼ੀਰਕਪੁਰ (ਮੇਸ਼ੀ) : ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨੀ ਸੰਘਰਸ਼ ਦੀ ਹਰ ਵਰਗ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਇਸੇ ਤਹਿਤ ਇਸ ਅੰਦਲਨ ਦੇ ਸਮਰਥਨ ’ਚ ਅੱਜ ਜ਼ੀਰਕਪੁਰ ਨਗਰ ਕੌਂਸਲ ਦੀ ਸਫਾਈ ਕਰਮਚਾਰੀ ਯੂਨੀਅਨ ਦੇ ਮੈਂਬਰਾਂ ਅਤੇ ਸਮਾਜ ਸੇਵੀਆਂ ਸਮੇਤ ਬੀਬੀਆਂ ਦਾ ਇੱਕ ਵੱਡਾ ਜੱਥਾ ਬੱਸ ਰਾਹੀਂ ਜ਼ਿਲ੍ਹਾ ਪਧਾਨ ਪਰਦੀਪ ਕੁਮਾਰ ਸੂਦ ਦੀ ਅਗਵਾਈ ’ਚ ਦਿੱਲੀ ਰਵਾਨਾ ਹੋਇਆ।

ਇਸ ਦੌਰਾਨ ਪਰਦੀਪ ਸੂਦ ਨੇ ਕਿਹਾ ਕਿ ਕਿਸਾਨ ਭਰਾ ਕੜਾਕੇ ਦੀ ਠੰਡ 'ਚ ਦਿੱਲੀ ਬਾਰਡਰਾਂ ’ਤੇ ਬੈਠੇ ਹਨ ਪਰ ਮੋਦੀ ਸਰਕਾਰ ਉਨ੍ਹਾਂ ਨੂੰ ਹੱਕ ਦੇਣ ਦੀ ਬਜਾਏ ਉਨ੍ਹਾਂ ਤੇ ਡੰਡੇ ਅਤੇ ਹੰਝੂ ਗੈਸ ਦੇ ਗੋਲੇ ਵਰ੍ਹਾ ਰਹੀ ਹੈ। ਸੂਦ ਨੇ ਅੱਗੇ ਕਿਹਾ ਕਿ ਦੇਸ਼ ਦੇ ਕਿਸਾਨ ਤੇ ਮਜ਼ਦੂਰ ਇਨ੍ਹਾਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾੳਣ ਲਈ ਆਰ-ਪਾਰ ਦੀ ਲੜਾਈ ਲੜਨ ਦਾ ਮਨ ਬਣਾ ਚੁੱਕੇ ਹਨ ਅਤੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਪਰਤਣਗੇ। ਜੱਥੇ ’ਚ ਚੇਅਰਮੈਨ ਰਵਿੰਦਰ ਪਾਲ ਸਿੰਘ, ਯੂਨੀਅਨ ਦੇ ਜਨਰਲ ਸਕੱਤਰ ਸਤੀਸ਼ ਭਟਲੀ, ਸਮਾਜ ਸੇਵੀ ਅਵਤਾਰ ਸਿੰਘ ਨਗਲਾ, ਮੀਤ ਪ੍ਰਧਾਨ ਸੰਤਰੇਸ, ਮਹਿਲਾ ਵਿੰਗ ਪ੍ਰਧਾਨ ਸੁਮਨ ਚੌਹਾਨ, ਸਲਾਹਕਾਰ ਪਰਦੀਪ ਬਿਸ਼ਨਪੁਰਾ, ਬਲਵੀਰ ਸਿੰਘ, ਸੁਖਵਿੰਦਰ ਪਾਲ ਪਟਵਾਰੀ, ਕੁਲਵਿੰਦਰ ਸਿੰਘ ਸਮੇਤ ਮੁਲਾਜ਼ਮ ਸ਼ਾਮਲ ਸਨ। 


 


Babita

Content Editor

Related News