ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਕਿਸਾਨ ਜਥੇਬੰਦੀਆਂ ਅੱਜ ਰੋਕਣਗੀਆਂ ਰੇਲ ਗੱਡੀਆਂ
Wednesday, Dec 18, 2024 - 06:07 AM (IST)
ਪਟਿਆਲਾ/ਸਨੌਰ (ਮਨਦੀਪ ਜੋਸਨ) - ਖਨੌਰੀ ਬਾਰਡਰ ਵਿਖੇ ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਤੁੜਵਾਉਣ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦੇ ਚੇਅਰਮੈਨ ਦਾ 18 ਦਸੰਬਰ ਨੂੰ ਪੰਚਕੂਲਾ ਵਿਖੇ ਮੀਟਿੰਗ ਦਾ ਸੱਦਾ-ਪੱਤਰ ਮਿਲਣ ਤੋਂ ਬਾਅਦ ਡੱਲੇਵਾਲ ਨੇ ਮੀਟਿੰਗ ’ਚ ਜਾਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਮੇਰੀ ਮੌਤ ਦੀ ਉਡੀਕ ਕਰ ਰਹੀ ਹੈ।
ਦੂਜੇ ਪਾਸੇ ਭਲਕੇ 18 ਦਸੰਬਰ ਨੂੰ ਪੰਜਾਬ ’ਚ ਲੱਗਭਗ 50 ਥਾਵਾਂ ’ਤੇ ਕਿਸਾਨਾਂ ਵੱਲੋਂ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ, ਜਿਸ ਲਈ ਅੱਜ ਸ਼ਾਮ ਨੂੰ ਮੀਟਿੰਗਾਂ ਕਰ ਕੇ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਗਿਆ ਹੈ।
ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦੇ ਚੇਅਰਮੈਨ ਨਵਾਬ ਸਿੰਘ ਨੂੰ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਪੱਤਰ ਲਿਖਦਿਆਂ ਆਖਿਆ ਕਿ ਮੇਰੇ ਮਰਨ ਵਰਤ ਨੂੰ ਅੱਜ 22ਵਾਂ ਦਿਨ ਹੈ, ਮੇਰੀ ਸਿਹਤ ਬੇਹੱਦ ਨਾਜ਼ੁਕ ਹੈ, ਤੁਸੀਂ ਮਰਨ ਵਰਤ ’ਤੇ ਬੈਠੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਕਿਸਾਨ ਨੇਤਾ ਨੂੰ 18 ਦਸੰਬਰ ਨੂੰ ਮੀਟਿੰਗ ਦਾ ਸੱਦਾ ਭੇਜ ਰਹੇ ਹੋ, ਇਸ ਤੋਂ ਤੁਹਾਡੀ ਮਨਸ਼ਾ ਸਪੱਸ਼ਟ ਹੋ ਜਾਂਦੀ ਹੈ।
ਉਨ੍ਹਾਂ ਆਖਿਆ ਕਿ ਗੰਭੀਰ ਹਾਲਤ ਤੋਂ ਬਾਅਦ ਵੀ ਤੁਹਾਡੀ ਕਮੇਟੀ ਖਨੌਰੀ ਅਤੇ ਸ਼ੰਭੂ ਬਾਰਡਰ ਆਉਣ ਦਾ ਸਮਾਂ ਨਹੀਂ ਕੱਢ ਸਕੀ। ਸਾਨੂੰ ਲੱਗਦਾ ਹੈ ਕਿ ਕਮੇਟੀਆਂ ਸਿਰਫ ਖਾਨਾਪੂਰਤੀ ਲਈ ਹੀ ਬਣਾਈਆਂ ਗਈਆਂ ਹਨ। ਅਸੀਂ ਸਪੱਸ਼ਟ ਫੈਸਲਾ ਲਿਆ ਹੈ ਕਿ ਦੋਵੇਂ ਮੋਰਚਿਆਂ ਵੱਲੋਂ ਇਸ ਕਮੇਟੀ ਦੀ ਮੀਟਿੰਗ ’ਚ ਕੋਈ ਨਹੀਂ ਜਾਵੇਗਾ।
ਰਾਜਸਥਾਨ ਅਤੇ ਹਰਿਆਣਾ ’ਚ ਡੱਲੇਵਾਲ ਦੇ ਸਮਰਥਨ ’ਚ ਭੁੱਖ ਹੜਤਾਲ
ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿਚ ਅੱਜ ਰਾਜਸਥਾਨ ਦੇ ਅਨੂਪਗੜ੍ਹ, ਸ਼੍ਰੀਗੰਗਾਨਗਰ, ਹਨੂਮਾਨਗੜ੍ਹ ਅਤੇ ਹਰਿਆਣਾ ਦੇ ਕੈਥਲ ਸਮੇਤ ਹੋਰ ਕਈ ਥਾਵਾਂ ’ਤੇ ਕਿਸਾਨਾਂ ਵੱਲੋਂ ਇਕ ਰੋਜ਼ਾ ਭੁੱਖ ਹੜਤਾਲ ਕੀਤੀ ਗਈ।
ਉੱਧਰ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ 18 ਦਸੰਬਰ ਨੂੰ ਪੰਜਾਬ ਵਿਚ 50 ਤੋਂ ਵੱਧ ਥਾਵਾਂ ’ਤੇ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ, ਜਿਸ ਲਈ ਫੁੱਲ ਤਿਆਰੀਆਂ ਹਨ। ਉਨ੍ਹਾਂ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਵੇਰੇ ਆ ਕੇ ਡਟ ਜਾਣ ਅਤੇ ਰੇਲਾਂ ਦਾ ਚੱਕਾ ਜਾਮ ਕਰਨ।
ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਦਿਨਾਂ ਤੋਂ ਸੰਘਰਸ਼ ਕਰ ਰਹੇ ਹਾਂ ਅਤੇ ਜਗਜੀਤ ਸਿੰਘ ਡੱਲੇਵਾਲ ਵੀ ਮਰਨ ਵਰਤ ’ਤੇ ਬੈਠੇ ਹੋਏ ਹਨ। ਸੱਤਾਧਾਰੀ ਅਤੇ ਵਿਰੋਧੀ ਧਿਰ ਪਾਰਟੀਆਂ ਵੀ ਇਸ ਦਾ ਮੁੱਦਾ ਨਹੀਂ ਚੁੱਕ ਰਹੀਆਂ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਚਿੰਤਾ ਕਿਸੇ ਨੂੰ ਨਹੀਂ ਹੈ।