ਗੰਨਾ ਕਾਸ਼ਤਕਾਰਾਂ ਦੇ ਹੱਕ ’ਚ ਕਿਸਾਨ ਜਥੇਬੰਦੀਆਂ ਵੱਲੋਂ ਡੀ. ਸੀ. ਦਫਤਰ ਅੱਗੇ ਧਰਨਾ
Wednesday, Aug 22, 2018 - 12:32 AM (IST)

ਗੁਰਦਾਸਪੁਰ, (ਹਰਮਨਪ੍ਰੀਤ, ਵਿਨੋਦ, ਦੀਪਕ)- ਅੱਜ ਗੰਨਾ ਕਾਸ਼ਤਕਾਰਾਂ ਦੀਆਂ ਵੱਖ-ਵੱਖ ਮੁਸ਼ਕਲਾਂ ਦੇ ਹੱਲ ਅਤੇ ਗੰਨੇ ਦੇ ਬਕਾਏ ਜਾਰੀ ਕਰਵਾਉਣ ਲਈ ਗੰਨਾ ਉਤਪਾਦਕ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਅਹੁਦੇਦਾਰਾਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ, ਜਮੂਹਰੀ ਕਿਸਾਨ ਸਭਾ, ਕੁਲ ਹਿੰਦ ਕਿਸਾਨ ਸਭਾ, ਪੰਜਾਬ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਬਾਗਡ਼ੀਆਂ, ਚੰਨਣ ਸਿੰਘ ਦੋਰਾਂਗਲਾ, ਰਣਜੀਤ ਸਿੰਘ, ਬਲਜੀਤ ਸਿੰਘ ਬਾਜਵਾ ਅਤੇ ਅਜੀਤ ਸਿੰਘ ਭਰਥ ਦੀ ਅਗਵਾਈ ਹੇਠ ਸੈਂਕਡ਼ੇ ਕਿਸਾਨਾਂ ਨੇ ਗੁਰੂ ਨਾਨਕ ਪਾਰਕ ਵਿਖੇ ਇਕੱਠੇ ਹੋ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਉਪਰੰਤ ਇਹ ਆਗੂ ਰੋਸ ਮਾਰਚ ਕਰਦੇ ਹੋਏ ਡੀ. ਸੀ. ਦਫ਼ਤਰ ਅੱਗੇ ਪਹੁੰਚੇ। ਜਦੋਂ ਡੀ. ਸੀ. ਦਫ਼ਤਰ ਅੱਗੇ ਧਰਨਾ ਦੇਣ ਦੇ ਬਾਵਜੂਦ ਕੋਈ ਅਧਿਕਾਰੀ ਪ੍ਰਦਰਸ਼ਨਕਾਰੀਆਂ ਦੀ ਗੱਲ ਸੁਣਨ ਲਈ ਬਾਹਰ ਨਹੀਂ ਆਇਆ ਤਾਂ ਪ੍ਰਦਰਸ਼ਨਕਾਰੀਆਂ ਨੇ ਪ੍ਰਬੰਧਕੀ ਕੰਪਲੈਕਸ ਅੰਦਰ ਜਾ ਕੇ ਧਰਨਾ ਲਾ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਸਤਬੀਰ ਸਿੰਘ ਸੁਲਤਾਨੀ, ਕਾਮਰੇਡ ਰਘਬੀਰ ਸਿੰਘ ਪਕੀਵਾਂ, ਬਲਬੀਰ ਸਿੰਘ ਕੱਤੋਵਾਲ, ਬਲਬੀਰ ਸਿੰਘ ਰੰਧਾਵਾ, ਜੋਗਿੰਦਰ ਸਿੰਘ ਕੀਡ਼ੀ ਅਫਗਾਨਾ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਆਰਥਕ ਸੰਕਟ ਕਰ ਕੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦਾ ਸੰਕਟ ਖ਼ਤਮ ਕਰਨ ਦੀ ਬਜਾਏ ਕਾਰਪੋਰੇਟ ਜਗਤ ਨੂੰ ਲਾਭ ਪਹੁੰਚਾਉਣ ਵਾਲੇ ਫੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਕਣਕ ਝੋਨੇ ਦਾ ਫਸਲੀ ਚੱਕਰ ਤਿਆਗ ਕੇ ਗੰਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਮਿੱਲ ਪ੍ਰਬੰਧਕਾਂ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਮੰਗ ਕੀਤੀ ਕਿ ਨਿੱਜੀ ਅਤੇ ਸਹਿਕਾਰੀ ਖੰਡ ਮਿੱਲਾਂ ਵੱਲ ਰਹਿੰਦਾ ਗੰਨੇ ਦਾ ਬਕਾਇਆ ਤੁਰੰਤ ਵਿਆਜ ਸਮੇਤ ਦਿੱਤਾ ਜਾਵੇ ਅਤੇ ਨਾਲ ਹੀ ਆਪਣੇ ਖੇਤਰਾਂ ’ਚ ਕਿਸਾਨਾਂ ਦੇ ਗੰਨੇ ਦਾ ਬਾਂਡ ਪਹਿਲ ਦੇ ਆਧਾਰ ’ਤੇ ਭਰਨ। ਇਸ ਦੇ ਨਾਲ ਹੀ ਉਨ੍ਹਾਂ ਮਿੱਲਾਂ ਦੀ ਸਮਰੱਥਾ ਤੋਂ ਵਾਧੂ ਗੰਨਾ ਦੂਜੀਆਂ ਖੰਡ ਮਿੱਲਾਂ ਨੂੰ ਅਲਾਟ ਕਰਨ, ਸਹਿਕਾਰੀ ਖੰਡ ਮਿੱਲਾਂ ਦਾ ਨਵੀਨੀਕਰਨ ਕਰ ਕੇ ਬਿਜਲੀ ਪਲਾਂਟ ਲਵਾਉਣ, ਕੀਡ਼ੀ ਅਫਗਾਨਾ ਖੰਡ ਮਿੱਲ ਵੱਲੋਂ ਕਿਸਾਨ ਸਿਰ ਥੋਪੇ ਗਏ ਵਾਧੂ ਕਰਜ਼ੇ ਵਾਪਸ ਕਰਵਾਉਣ, ਸਾਰੀਆਂ ਖੰਡ ਮਿੱਲਾਂ 1 ਨਵੰਬਰ ਤੋਂ ਚਲਾਉਣ ਅਤੇ ਗੰਨੇ ਦਾ ਭਾਅ 400 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ। ਇਸ ਦੌਰਾਨ ਕਾਮਰੇਡ ਅਜੀਤ ਸਿੰਘ ਠੱਕਰ ਸੰਧੂ, ਤਰਲੋਕ ਸਿੰਘ ਬਹਿਰਾਮਪੁਰ, ਕਾਮਰੇਡ ਗੁਲਜਾਰ ਸਿੰਘ ਬਸੰਤਕੋਟ, ਸੁਖਦੇਵ ਸਿੰਘ ਭਾਗੋਕਾਵਾਂ, ਸਤਨਾਮ ਸਿੰਘ ਕੀਡ਼ੀ ਅਫਗਾਨਾ, ਨਿਰਮਲ ਸਿੰਘ ਬੋਪਾਰਾਏ, ਲਖਵਿੰਦਰ ਸਿੰਘ ਜੋਗੋਚੱਕ ਟਾਂਡਾ, ਜਸਬੀਰ ਸਿੰਘ ਕੱਤੋਵਾਲ ਅਤੇ ਸੁਭੇਗ ਸਿੰਘ ਠੱਠਾ ਆਦਿ ਕਿਸਾਨਾਂ ਨੇ ਵੀ ਸੰਬੋਧਨ ਕੀਤਾ।