ਗਣਤੰਤਰ ਦਿਵਸ ’ਤੇ ਕਿਸਾਨ ਪਰੇਡ ਦੌਰਾਨ ਹੋਈ ਹਿੰਸਾ ’ਤੇ ਨਵਜੋਤ ਸਿੱਧੂ ਨੇ ਆਖੀ ਵੱਡੀ ਗੱਲ
Tuesday, Jan 26, 2021 - 09:43 PM (IST)
ਅੰਮ੍ਰਿਤਸਰ : ਗਣਤੰਤਰ ਦਿਵਸ ’ਤੇ ਦਿੱਲੀ ਵਿਚ ਕਿਸਾਨ ਪਰੇਡ ਦੌਰਾਨ ਹੋਈ ਘਟਨਾ ’ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਨੂੰ ਹਲੂਣਾ ਦਿੱਤਾ ਹੈ। ਨਵਜੋਤ ਸਿੱਧੂ ਨੇ ਟਵੀਟ ਕਰਦੇ ਹੋਏ ਆਖਿਆ ਹੈ ਕਿ ਜੇਕਰ ਤੁਸੀਂ ਇਤਿਹਾਸ ਤੋਂ ਸਬਕ ਨਹੀਂ ਲੈਂਦੇ ਹੋ ਤਾਂ ਇਹ ਮੁੜ ਆਪਣੇ ਆਪ ਨੂੰ ਦੁਹਰਾਉਂਦਾ ਹੈ। ਇਤਿਹਾਸ ਸਾਨੂੰ ਦੱਸਦਾ ਹੈ ਕਿ ਕੋਈ ਵੀ ਸਰਕਾਰ ਕਿਸਾਨਾਂ ਦੇ ਖ਼ਿਲਾਫ਼ ਜਾ ਕੇ ਜਿੱਤ ਨਹੀਂ ਸਕੀ ਹੈ। ਨਵਜੋਤ ਸਿੱਧੂ ਦਾ ਟਵੀਟ ਸਿੱਧੇ ਤੌਰ ’ਤੇ ਇਹ ਇਸ਼ਾਰਾ ਕਰਦਾ ਹੈ ਕਿ ਜੇਕਰ ਅਜੇ ਵੀ ਸਰਕਾਰ ਨੇ ਕਿਸਾਨਾਂ ਦੀ ਗੱਲ ਨਹੀਂ ਮੰਨੀ ਅਤੇ ਤਿੰਨ ਖੇਤੀ ਕਾਨੂੰਨ ਵਾਪਸ ਨਹੀਂ ਲਏ ਤਾਂ ਇਸ ਦੇ ਨਤੀਜੇ ਹੋਰ ਵੀ ਗੰਭੀਰ ਦੇਖਣ ਨੂੰ ਮਿਲ ਸਕਦੇ ਹਨ। ਲਿਹਾਜ਼ਾ ਸਰਕਾਰ ਨੂੰ ਇਨ੍ਹਾਂ ਘਟਨਾਵਾਂ ਤੋਂ ਸਬਕ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਦਿੱਲੀ 'ਚ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ
ਇਥੇ ਇਹ ਦੱਸਣਯੋਗ ਹੈ ਕਿ ਕਿਸਾਨਾਂ ਵਲੋਂ 26 ਜਨਵਰੀ ਦੀ ਮਿੱਥੀ ਟਰੈਕਟਰ ਪਰੇਡ ਦੌਰਾਨ ਵੱਡੀ ਗਿਣਤੀ ਵਿਚ ਕੁੱਝ ਨੌਜਵਾਨਾਂ ਅਤੇ ਨਿਹੰਗ ਸਿੰਘਾਂ ਵਲੋਂ ਲਾਲ ਕਿਲ੍ਹੇ ’ਤੇ ਕੂਚ ਕੀਤਾ ਗਿਆ। ਇਸ ਦੌਰਾਨ ਕੁੱਝ ਨੌਜਵਾਨਾਂ ਵਲੋਂ ਲਾਲ ਕਿਲ੍ਹੇ ’ਤੇ ਤਿਰੰਗੇ ਦੇ ਨਾਲ-ਨਾਲ ਕੇਸਰੀ ਝੰਡਾ ਵੀ ਲਿਹਰਾਇਆ ਗਿਆ। ਬਾਅਦ ਵਿਚ ਦਿੱਲੀ ਪੁਲਸ ਨੇ ਉਥੇ ਪਹੁੰਚ ਕੇ ਸਥਿਤੀ ਨੂੰ ਕਾਬੂ ਵਿਚ ਕੀਤਾ।
ਇਹ ਵੀ ਪੜ੍ਹੋ : ਪਰੇਡ ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ 'ਤੇ ਸੰਯੁਕਤ ਕਿਸਾਨ ਮੋਰਚੇ ਦਾ ਪਹਿਲਾ ਬਿਆਨ ਆਇਆ ਸਾਹਮਣੇ
ਸੰਯੁਕਤ ਕਿਸਾਨ ਮੋਰਚੇ ਨੇ ਵੀ ਕੀਤੀ ਹਿੰਸਾ ਦੀ ਨਿੰਦਾ
ਦਿੱਲੀ 'ਚ ਕਿਸਾਨ ਪਰੇਡ ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ ਦੀ ਸੰਯੁਕਤ ਕਿਸਾਨ ਮੋਰਚੇ ਨੇ ਨਿੰਦਾ ਕੀਤੀ ਹੈ। ਮੋਰਚੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਅਸੀਂ ਅੱਜ ਦੇ ਕਿਸਾਨ ਗਣਤੰਤਰ ਦਿਵਸ ਪਰੇਡ ਵਿਚ ਬੇਮਿਸਾਲ ਸ਼ਮੂਲੀਅਤ ਲਈ ਕਿਸਾਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਹਿੰਸਕ ਘਟਨਾਵਾਂ ਦੀ ਨਿੰਦਾ ਕਰਦੇ ਹਾਂ। ਅਜਿਹੀਆਂ ਘਟਨਾਵਾਂ ਵਿਚ ਸ਼ਾਮਲ ਲੋਕਾਂ ਤੋਂ ਆਪਣੇ ਆਪ ਨੂੰ ਵੱਖ ਕਰਦੇ ਹਾਂ। ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੁਝ ਸੰਗਠਨਾਂ ਅਤੇ ਵਿਅਕਤੀਆਂ ਨੇ ਤੈਅ ਰਸਤਿਆਂ ਨੂੰ ਛੱਡਿਆ। ਇਹ ਬਿਲਕੁਲ ਨਿੰਦਣਯੋਗ ਤੇ ਨਾਬਰਦਾਸ਼ਤਯੋਗ ਹੈ। ਸੰਯੁਕਤ ਕਿਸਾਨ ਮੋਰਚੇ ਨੇ ਆਖਿਆ ਕਿ ਸਮਾਜ ਵਿਰੋਧੀ ਅਨਸਰਾਂ ਨੇ ਸ਼ਾਂਤਮਈ ਲਹਿਰ ਵਿਚ ਘੁਸਪੈਠ ਕੀਤੀ ਹੈ ਤੇ ਅਸੀਂ ਹਮੇਸ਼ਾਂ ਇਸ ਗੱਲ ਦੇ ਹੱਕ ਵਿਚ ਰਹੇ ਹਾਂ ਕਿ ਸ਼ਾਂਤੀ ਹੀ ਇਸ ਸੰਘਰਸ਼ ਦੀ ਸਭ ਤੋਂ ਵੱਡੀ ਤਾਕਤ ਹੈ। ਮੋਰਚੇ ਨੇ ਕਿਹਾ ਕਿ ਅਸੀਂ ਆਪਣੇ ਆਪ ਨੂੰ ਅਜਿਹੇ ਸਾਰੇ ਤੱਤਾਂ ਤੋਂ ਵੱਖ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਅਨੁਸ਼ਾਸਨ ਦੀ ਉਲੰਘਣਾ ਕੀਤੀ ਹੈ।
ਇਹ ਵੀ ਪੜ੍ਹੋ : ਵਿਆਹ ਦਾ ਚਾਅ ਇਕ ਪਾਸੇ, ਕਿਸਾਨ ਅੰਦੋਲਨ ਇਕ ਪਾਸੇ, ਲਾੜੇ ਦਾ ਐਲਾਨ ਸੁਣ ਤੁਸੀਂ ਵੀ ਕਰੋਗੇ ਸਿਫ਼ਤਾਂ
ਨੋਟ - ਕਿਸਾਨ ਅੰਦੋਲਨ ਤੇ ਟਰੈਕਟਰ ਪਰੇਡ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਦੀ ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ।