ਕਿਸਾਨ ਅੰਦੋਲਨ ’ਤੇ ਕੋਰੋਨਾ ਫੈਲਾਉਣ ਦੇ ਮੋਦੀ ਸਰਕਾਰ ਦੇ ਦੋਸ਼ਾਂ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ

05/14/2021 4:51:34 PM

ਨਵਾਂਸ਼ਹਿਰ (ਤ੍ਰਿਪਾਠੀ) : 3 ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਨਵਾਂਸ਼ਹਿਰ-ਰੋਪੜ ਮਾਰਗ ’ਤੇ ਸਥਿਤ ਬੱਛੂਆਂ ਟੋਲ ਪਲਾਜ਼ੇ ’ਤੇ ਰੋਸ ਧਰਨਾ ਦੇ ਰਹੇ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਮੀਤ ਪ੍ਰਧਾਨ ਕਰਨ ਸਿੰਘ ਰਾਣਾ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਅੜੀਅਲ ਵਤੀਰਾ ਅਪਣਾ ਰਹੀ ਹੈ, ਜਿਸਦੇ ਚੱਲਦੇ ਦੇਸ਼ ਭਰ ਦਾ ਅੰਨਦਾਤਾ ਮੋਦੀ ਸਰਕਾਰ ਤੋਂ ਖਫ਼ਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ’ਤੇ ਕੋਰੋਨਾ ਫੈਲਾਉਣ ਦਾ ਬੇ-ਬੁਨਿਆਦ ਦੋਸ਼ ਲਗਾ ਕੇ ਕਿਸਾਨਾਂ ਨੂੰ ਨਾ ਕੇਵਲ ਬਦਨਾਮ ਕਰ ਰਹੀ ਹੈ, ਸਗੋਂ ਉਨ੍ਹਾਂ ਦੇ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਦੇ ਉਪਰਾਲੇ ਕਰ ਰਹੀ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕੇਂਦਰ ਸਰਕਾਰ ਦੇ ਅਜਿਹੇ ਉਪਰਾਲਿਆਂ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦੇ ਕਿਹਾ ਕਿ ਸਾਰੇ ਕਿਸਾਨ ਇੱਕਜੁਟ ਹਨ ਅਤੇ ਕੇਂਦਰ ਸਰਕਾਰ ਦੀ ਕਿਸੇ ਵੀ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਉਪਰਾਲਿਆਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕੋਰੋਨਾ ਦੀ ਦੂਜੀ ਤਿੱਖੀ ਲਹਿਰ ਦੇ ਕਾਰਨ ਕੁੰਭ ਮੇਲਾ ਅਤੇ ਕਈ ਸੂਬਿਆਂ ਵਿਚ ਹੋਏ ਵਿਧਾਨ ਸਭਾ ਚੋਣ ਹੈ, ਜਿਸ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ। ਇਸ ਮੌਕੇ ਮੋਹਣ ਸਿੰਘ, ਗੁਰਦਿਆਲ ਸਿੰਘ, ਸਵਰਨ ਸਿੰਘ, ਮੋਹਣ ਸਿੰਘ ਅਤੇ ਗੁਰਮੁੱਖ ਸਿੰਘ ਆਦਿ ਨੇ ਵੀ ਵਿਚਾਰ ਰੱਖੇ।


Gurminder Singh

Content Editor

Related News