ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਵੱਡਾ ਬਿਆਨ
Monday, Feb 03, 2025 - 01:58 PM (IST)
ਪਟਿਆਲਾ : ਸ਼ੰਭੂ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਕ ਅਤੇ ਕਿਸਾਨ-ਮਜ਼ਦੂਰ ਮੋਰਚੇ ਵੱਲੋਂ ਦਿੱਲੀ ਕੂਚ ਕਰਨ ਲਈ ਲਗਾਏ ਗਏ ਕਿਸਾਨੀ ਮੋਰਚੇ ਨੂੰ 13 ਫਰਵਰੀ ਨੂੰ ਪੂਰਾ ਇਕ ਸਾਲ ਹੋਣ ਜਾ ਰਿਹਾ ਹੈ। ਇਸ ਕਾਰਨ ਰੋਜ਼ਾਨਾ ਸ਼ੰਭੂ ਬਾਰਡਰ ’ਤੇ ਹੋਰਨਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਟਰੈਕਟਰ-ਟਰਾਲੀਆਂ ਰਾਹੀਂ ਕਿਸਾਨਾਂ ਦਾ ਆਉਣਾ ਲਗਾਤਾਰ ਜਾਰੀ ਹੈ। ਸ਼ੰਭੂ ’ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਦੋਵੇਂ ਫੋਰਮਾਂ ਵੱਲੋਂ ਫ਼ੈਸਲਾ ਲਿਆ ਗਿਆ ਕਿ ਕਿਸਾਨ ਮੋਰਚੇ ਦੇ 13 ਫਰਵਰੀ ਨੂੰ ਇਕ ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਦਿਨ ਵੱਡੀ ਗਿਣਤੀ ਕਿਸਾਨ ਮੋਰਚਿਆਂ ਵਿਚ ਪਹੁੰਚ ਸਕਦੇ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਸ਼ੰਭੂ ਬੈਰੀਅਰ ’ਤੇ ਹੋਰ ਜ਼ਿਲ੍ਹਿਆਂ ਤੋਂ ਲਗਾਤਾਰ ਟਰੈਕਟਰ-ਟਰਾਲੀਆਂ ਰਾਹੀ ਕਿਸਾਨਾਂ ਦਾ ਆਉਣਾ ਜਾਰੀ ਹੈ। ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਬਾਰੇ ਬੋਲਦਿਆਂ ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਇਹ ਬਜਟ ਪੂਰਨ ਤੌਰ ’ਤੇ ਕਾਰਪੋਰੇਟ ਪੱਖੀ ਬਜਟ ਹੈ, ਜਦਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਮੇਤ ਹੋਰਨਾਂ ਮੰਤਰੀਆਂ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਮੱਧ ਵਰਗ ਦਾ ਬਜਟ ਕਹਿ ਕੇ ਵਾਹ-ਵਾਹ ਖੱਟੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਐੱਮਐੱਸਪੀ ਦੀ ਗਾਰੰਟੀ ਸਬੰਧੀ ਕਾਨੂੰਨ ਤੇ ਕਿਸਾਨਾਂ ਦੀਆਂ ਹੋਰਨਾਂ ਮੰਗਾਂ ਪੂਰੀਆਂ ਨਹੀਂ ਕਰ ਦਿੰਦੀ, ਉਦੋਂ ਤੱਕ ਸ਼ੰਭੂ ਬੈਰੀਅਰ ’ਤੇ ਕਿਸਾਨਾਂ ਦਾ ਚੱਲ ਰਿਹਾ ਧਰਨਾ ਲਗਾਤਾਰ ਜਾਰੀ ਰਹੇਗਾ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ’ਚ ਫਸਲਾਂ ’ਤੇ ਐੱਮ. ਐੱਸ. ਪੀ ਦੀ ਗਾਰੰਟੀ, ਫਸਲਾਂ ’ਤੇ ਬੀਮਾ ਸਬੰਧੀ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ, ਜਦਕਿ ਕਿਸਾਨ ਸਨਮਾਨ ਨਿਧੀ ਤਹਿਤ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਦੀ ਹੱਦ ਪੰਜ ਲੱਖ ਤੱਕ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਸਿਰ ਤਾਂ ਪਹਿਲਾਂ ਹੀ 14 ਲੱਖ ਕਰੋੜ ਕਰਜ਼ਾ ਚੜ੍ਹਿਆ ਹੋਇਆ ਹੈ। ਇਸ ਤੋਂ ਇਲਾਵਾ ਪਿੰਡਾਂ ਦੀ ਤਰੱਕੀ ਲਈ ਬਣਾਏ ਗਏ ਰੂਰਲ ਡਿਵੈਲਪਮੈਂਟ ਫੰਡ ਨੂੰ ਵੀ ਘਟਾ ਦਿੱਤਾ ਗਿਆ ਹੈ।