ਕਿਸਾਨਾਂ-ਮਜ਼ਦੂਰਾਂ ਕੀਤਾ ਢੋਲ ਮਾਰਚ

08/09/2017 2:13:24 AM

ਮਾਲੇਰਕੋਟਲਾ,  (ਸ਼ਹਾਬੂਦੀਨ)—  ਪੰਜਾਬ ਦੀ ਰਾਜ ਸੱਤਾ 'ਤੇ ਕਾਬਜ਼ ਹੋਈ ਕਾਂਗਰਸ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹੇ ਸਰਕਾਰੀ-ਗੈਰ ਸਰਕਾਰੀ ਕਰਜ਼ੇ ਖਤਮ ਕਰਾਉਣ, ਘਰ-ਘਰ ਸਰਕਾਰੀ ਨੌਕਰੀ ਦੇਣ ਅਤੇ 51 ਹਜ਼ਾਰ ਰੁਪਏ ਸ਼ਗਨ ਸਕੀਮ ਦੇਣ ਵਰਗੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੰਜ ਮਹੀਨੇ ਦਾ ਸਮਾਂ ਬੀਤਣ ਉਪਰੰਤ ਵੀ ਪੂਰਾ ਕਰਨ ਤੋਂ ਵੱਟੀ ਘੇਸਲ ਤੋਂ ਦੁਖੀ ਹੋਏ ਮਜ਼ਦੂਰਾਂ ਸਣੇ ਸੂਬੇ ਦੀਆਂ 7 ਕਿਸਾਨ ਜਥੇਬੰਦੀਆਂ ਨੇ 22 ਅਗਸਤ ਨੂੰ ਬਰਨਾਲਾ ਵਿਖੇ ਸਰਕਾਰ ਖਿਲਾਫ ਮਹਾ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ। 
ਸਥਾਨਕ ਇਲਾਕੇ ਦੇ ਕਿਸਾਨਾਂ-ਮਜ਼ਦੂਰਾਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਮਾਲੇਰਕੋਟਲਾ ਦੇ ਬੈਨਰ ਹੇਠ ਪਿੰਡ ਹਥਨ ਵਿਖੇ ਢੋਲ ਮਾਰਚ ਕਰ ਕੇ ਲੋਕਾਂ ਨੂੰ ਮਹਾ ਰੈਲੀ 'ਚ ਪੁੱਜਣ ਲਈ ਪ੍ਰੇਰਿਤ ਕੀਤਾ। ਢੋਲ ਮਾਰਚ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਹਥਨ, ਚੰਦ ਸਿੰਘ ਸੱਦੋਪੁਰ, ਸੁਖਦੇਵ ਸਿੰਘ ਕਾਲਾ, ਰਣਜੀਤ ਸਿੰਘ, ਹਰਬੰਸ ਸਿੰਘ ਬੁਰਜ, ਬੰਤ ਸਿੰਘ ਅਤੇ ਨਿਰਮਲ ਸਿੰਘ ਨੇ ਕੀਤੀ। 
ਚੀਮਾ ਮੰਡੀ, (ਗੋਇਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਵੱਲੋਂ ਪਿੰਡ ਸ਼ਾਹਪੁਰ ਕਲਾਂ ਵਿਖੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਢੋਲ ਮਾਰਚ ਕੱਢਿਆ ਗਿਆ। ਇਸ ਮੌਕੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲਾ ਆਗੂ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਚੋਣਾਂ ਸਮੇਂ ਕਾਂਗਰਸ ਨੇ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ। 
ਇਸ ਮੌਕੇ ਗੁਰਭਗਤ ਸਿੰਘ, ਗੁਰਮੇਲ ਸਿੰਘ, ਜਾਗਰ ਸਿੰਘ, ਮਿੱਠੂ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।


Related News