ਰੇਲਵੇ ਲਾਈਨ ਪਾਰ ਕਰ ਰਹੇ ਕਿਸਾਨ ਨੂੰ ਟਰੇਨ ਨੇ ਬੁਰੀ ਤਰ੍ਹਾਂ ਕੁਚਲਿਆ, ਮੌਤ (ਤਸਵੀਰਾਂ)
Tuesday, Oct 23, 2018 - 02:03 PM (IST)
ਬੀਜਾ (ਬਰਮਾਲੀਪੁਰ, ਬਿਪਨ) : ਇਥੋਂ ਦੇ ਨਜ਼ਦੀਕੀ ਪਿੰਡ ਮੰਡਿਆਲਾ ਖੁਰਦ ਦੇ 47 ਸਾਲਾ ਇਕ ਕਿਸਾਨ ਨੂੰ ਉਸ ਵੇਲੇ ਤੇਜ਼ ਰਫ਼ਤਾਰ ਰੇਲ ਨੇ ਕੁਚਲ ਦਿੱਤਾ, ਜਦੋਂ ਓਹ ਆਪਣੇ ਪਿੰਡ ਕੋਲੋਂ ਲੰਘਦੀ ਦਿੱਲੀ-ਅੰਮ੍ਰਿਤਸਰ ਰੇਲ ਲਾਈਨ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਰੇਲਵੇ ਸਟੇਸ਼ਨ ਚਾਵਾ ਦੀ ਪੁਲਸ ਚੌਕੀ ਇੰਚਾਰਜ ਸੰਦੀਪ ਕੌਰ ਮੁਤਾਬਕ ਇਥੋਂ ਨਜ਼ਦੀਕ ਹੀ ਰੇਲਵੇ ਫਾਟਕ ਰੁਪਾਲੋਂ, ਜੋ ਕਿ ਅੰਡਰਗਰਾਊਡ ਲਾਂਘਾ ਉਸਾਰੀ ਅਧੀਨ ਹੋਣ ਕਾਰਨ ਬੰਦ ਹੈ ਅਤੇ ਇੱਥੋਂ ਕਿਸਾਨ ਜਗਤਾਰ ਸਿੰਘ 47) ਪੁੱਤਰ ਪਿਆਰਾ ਸਿੰਘ ਲਾਈਨ ਦੇ ਉਪਰੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਅਚਨਚੇਤ ਰੇਲ ਦੀ ਲਪੇਟ 'ਚ ਆ ਗਿਆ।

ਪੁਲਸ ਅਨੁਸਾਰ ਜਗਤਾਰ ਸਿੰਘ ਨਸ਼ੇ ਦਾ ਆਦੀ ਸੀ ਤੇ ਉਸ ਨੂੰ ਰੇਲ ਗੱਡੀ ਨੇ ਬੁਰੀ ਤਰ੍ਹਾਂ ਕੱਟ ਦਿੱਤਾ। ਪਿੰਡ ਦੇ ਨਜ਼ਦੀਕ ਹੋਣ ਕਾਰਨ ਪਿੰਡ ਵਾਸੀਆਂ ਨੇ ਮੌਕੇ 'ਤੇ ਜਾ ਕੇ ਵੇਖਿਆ ਤਾਂ ਹਾਹਕਾਰ ਮਚ ਗਈ। ਰੇਲਵੇ ਪੁਲਸ ਨੂੰ ਸੂਚਨਾ ਮਿਲਣ ਤੇ ਚੌਕੀ ਚਾਵਾ ਪਾਇਲ ਦੀ ਇੰਚਾਰਜ ਸੰਦੀਪ ਕੌਰ ਢਿੱਲੋਂ ਮੌਕੇ 'ਤੇ ਪਹੁੰਚ ਗਏ ਤੇ ਉਨ੍ਹਾਂ ਸੰਪਰਕ ਕਰਕੇ ਕਾਰਵਾਈ ਸ਼ੁਰੂ ਕੀਤੀ। ਮ੍ਰਿਤਕ ਦੇ ਨਜ਼ਦੀਕੀ ਰਿਸ਼ਤੇਦਾਰ ਕਰਮ ਸਿੰਘ ਸੰਧੂ ਸਾਬਕਾ ਸਰਪੰਚ ਹਰਬੰਸਪੁਰਾ ਨੇ ਲਾਸ਼ ਦੀ ਸ਼ਨਾਖਤ ਕੀਤੀ ਅਤੇ ਪੁਲਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਭੇਜ ਦਿੱਤਾ। ਮ੍ਰਿਤਕ ਆਪਣੇ ਪਿੱਛੇ ਇਕ ਬੱਚੀ ਤੇ ਪਤਨੀ ਛੱਡ ਗਿਆ ਹੈ।
