ਪੰਜਾਬ ਦੀ ਤੁਲਨਾ ''ਚ ਰਾਜਸਥਾਨ ਸਰਕਾਰ ਨੇ ਖੇਤੀ ਕਰਜ਼ਾ ਮਾਫੀ ਲਈ ਰੱਖੀ ਘੱਟ ਰਕਮ

Sunday, Jun 10, 2018 - 12:30 AM (IST)

ਪੰਜਾਬ ਦੀ ਤੁਲਨਾ ''ਚ ਰਾਜਸਥਾਨ ਸਰਕਾਰ ਨੇ ਖੇਤੀ ਕਰਜ਼ਾ ਮਾਫੀ ਲਈ ਰੱਖੀ ਘੱਟ ਰਕਮ

ਜਲੰਧਰ (ਧਵਨ) - ਦੇਸ਼ ਭਰ 'ਚ ਕਿਸਾਨ ਕਰਜ਼ਾ ਮਾਫੀ ਨੂੰ ਲੈ ਕੇ ਸਿਆਸੀ ਮਾਮਲਾ ਕਾਫੀ ਭਖਿਆ ਹੋਇਆ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ  ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਕਰਜ਼ਾ ਮਾਫੀ ਦੀ ਯੋਜਨਾ ਦਾ ਵਾਅਦਾ ਕੀਤਾ ਸੀ। ਸੱਤਾ 'ਚ  ਆਉਂਦੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਛੋਟੇ ਕਿਸਾਨਾਂ ਦੇ 2-2 ਲੱਖ ਰੁਪਏ ਦੇ ਕਰਜ਼ੇ ਮਾਫ ਕਰ ਦਿੱਤੇ। ਉਸ ਤੋਂ ਬਾਅਦ ਹੋਰ ਸੂਬਾ ਸਰਕਾਰਾਂ ਨੇ ਵੀ ਇਸ ਦੀ ਰੀਸ ਕਰਨੀ ਸ਼ੁਰੂ ਕਰ ਦਿੱਤੀ। ਰਾਜਸਥਾਨ 'ਚ ਭਾਜਪਾ ਦੀ ਅਗਵਾਈ ਵਾਲੀ ਵਸੁੰਧਰਾ ਰਾਜੇ ਸਰਕਾਰ ਨੇ ਕਰਜ਼ਾ ਮਾਫੀ ਦਾ ਫੈਸਲਾ ਲਿਆ ਤਾਂ ਮੱਧ ਪ੍ਰਦੇਸ਼ 'ਚ ਵੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਕਰਜ਼ਾ ਮਾਫੀ ਦਾ ਐਲਾਨ ਕਰ ਦਿੱਤਾ। ਰਾਜਸਥਾਨ 'ਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਭਾਜਪਾ ਦੀ ਵਸੁੰਧਰਾ ਰਾਜੇ ਸਰਕਾਰ ਨੇ ਕਰਜ਼ਾ ਮਾਫੀ ਲਈ 6500 ਕਰੋੜ ਰੁਪਏ ਰੱਖਣ ਦਾ ਐਲਾਨ ਕੀਤਾ ਜੋ ਕਿ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਰੱਖੀ ਗਈ 10 ਹਜ਼ਾਰ ਕਰੋੜ ਦੀ ਰਾਸ਼ੀ ਤੋਂ ਕਾਫੀ ਘੱਟ ਹੈ। ਦੂਜੇ ਪਾਸੇ ਰਾਜਸਥਾਨ ਸਰਕਾਰ ਦੇ ਸਾਹਮਣੇ ਮੁਸ਼ਕਲਾਂ ਇਸ ਲਈ ਵੀ ਪੈਦਾ ਹੋ ਗਈਆਂ ਹਨ ਕਿਉਂਕਿ ਨਾਬਾਰਡ  ਨੇ ਕਿਸਾਨ ਕਰਜ਼ਾ ਮਾਫੀ ਲਈ ਪੈਸਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਨਾਬਾਰਡ ਦੇ  ਅਧਿਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਸੰਗਠਨ ਇਕ ਕਰਜ਼ੇ ਨੂੰ ਮਾਫ ਕਰਨ ਲਈ ਦੂਜਾ  ਕਰਜ਼ਾ ਨਹੀਂ ਦੇ ਸਕਦਾ । ਰਾਜਸਥਾਨ 'ਚ ਭਾਵੇਂ ਕਰਜ਼ਾ ਮਾਫੀ ਲਈ ਕੈਂਪ ਲੱਗਣੇ ਸ਼ੁਰੂ ਹੋ ਗਏ ਹਨ ਪਰ ਭਾਜਪਾ ਸਰਕਾਰ ਨੂੰ ਪੈਸਿਆਂ ਨੂੰ ਲੈ ਕੇ ਚਿੰਤਾ ਸਤਾ ਰਹੀ ਹੈ ਜਦਕਿ ਦੂਜੇ ਪਾਸੇ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਇਸ ਸਾਲ ਨਵੰਬਰ  ਤਕ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦਾ ਫੈਸਲਾ ਲਿਆ ਹੋਇਆ ਹੈ।
ਪੰਜਾਬ ਦੀ ਕਰਜ਼ਾ ਮਾਫੀ ਸਕੀਮ ਦੇਸ਼ 'ਚ ਸਭ ਤੋਂ ਵੱਡੀ
ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਪੰਜਾਬ ਦੀ ਕਰਜ਼ਾ ਮਾਫੀ ਸਕੀਮ ਦੇਸ਼ 'ਚ ਸਭ ਤੋਂ ਵੱਡੀ ਹੈ। ਹੋਰ ਸੂਬਿਆਂ 'ਚ ਭਾਵੇਂ ਸਰਕਾਰਾਂ ਨੇ ਕਰਜ਼ਾ ਮਾਫੀ ਦੀਆਂ ਯੋਜਨਾਵਾਂ ਚਲਾਈਆ ਹਨ ਪਰ ਉਸ ਦੇ ਤਹਿਤ ਇਕ ਤਾਂ ਘੱਟ ਕਿਸਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਦੂਜਾ ਇਸ ਲਈ ਰੱਖੀ ਗਈ ਰਾਸ਼ੀ ਵੀ ਪੰਜਾਬ ਦੀ ਤੁਲਨਾ ਤੋਂ ਘੱਟ ਹੈ।


Related News