ਦਰਦਨਾਕ : ਮਾਛੀਵਾੜਾ ਸਾਹਿਬ ਵਿਖੇ ਫ਼ਸਲ ਦੇ ਪੈਸੇ ਲੈਣ ਜਾ ਰਹੇ ਗਰੀਬ ਕਿਸਾਨ ਦੀ ਭਿਆਨਕ ਹਾਦਸੇ ਦੌਰਾਨ ਮੌਤ

Saturday, Apr 23, 2022 - 04:44 PM (IST)

ਮਾਛੀਵਾੜਾ ਸਾਹਿਬ (ਟੱਕਰ) : ਇੱਥੇ ਅਨਾਜ ਮੰਡੀ ਨੇੜੇ ਹੀ ਆਪਣੀ ਵੇਚੀ ਫ਼ਸਲ ਦੇ ਪੈਸੇ ਲੈਣ ਜਾ ਰਹੇ ਗਰੀਬ ਕਿਸਾਨ ਗਿਆਨ ਚੰਦ (65) ਵਾਸੀ ਪਿੰਡ ਚੱਕੀ ਦੀ ਸ਼ਨੀਵਾਰ ਸਵੇਰੇ ਸੜਕ ਹਾਦਸੇ ਵਿਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗਿਆਨ ਚੰਦ ਸਥਾਨਕ ਰਾਹੋਂ ਰੋਡ ’ਤੇ ਚਾਹ ਦੀ ਦੁਕਾਨ ਦਾ ਕੰਮ ਕਰਦਾ ਸੀ ਅਤੇ ਨਾਲ ਹੀ ਪਿੰਡ ਵਿਚ ਕਰੀਬ 1 ਏਕੜ ਜ਼ਮੀਨ ਚਕੌਤੇ ’ਤੇ ਲੈ ਕੇ ਖੇਤੀ ਵੀ ਕਰਦਾ ਸੀ। ਗਿਆਨ ਚੰਦ ਵੱਲੋਂ ਚਕੌਤੇ ਦੀ ਜ਼ਮੀਨ ਵਿਚ ਕਣਕ ਦੀ ਫ਼ਸਲ ਬੀਜੀ ਗਈ ਸੀ। ਇਸ 'ਚੋਂ ਕੁੱਝ ਫ਼ਸਲ ਉਸਨੇ ਆਪਣੇ ਘਰ ਪਰਿਵਾਰ ਲਈ ਰੱਖ ਲਈ ਅਤੇ ਕੁੱਝ ਉਸਨੇ ਮੰਡੀ ਵੇਚ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਦੇ ਹੀ ਕਸੂਤੇ ਘਿਰੇ ਰਾਜਾ ਵੜਿੰਗ, ਚੰਡੀਗੜ੍ਹ 'ਚ ਜਾਰੀ ਹੋਇਆ ਨੋਟਿਸ

ਅੱਜ ਸਵੇਰੇ ਗਿਆਨ ਚੰਦ ਆਪਣੇ ਪੁੱਤਰ ਵਿਜੈ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਚੱਕੀ ਤੋਂ ਮਾਛੀਵਾੜਾ ਅਨਾਜ ਮੰਡੀ ਵਿਚ ਆੜ੍ਹਤੀ ਤੋਂ ਵੇਚੀ ਫ਼ਸਲ ਦੇ ਪੈਸੇ ਲੈਣ ਆ ਰਿਹਾ ਸੀ ਕਿ ਰਸਤੇ ਵਿਚ ਹੀ ਪੁਲਸ ਥਾਣੇ ਅੱਗੇ ਪਿੱਛੋਂ ਆ ਰਹੇ ਇੱਕ ਟਰੱਕ ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ। ਇਸ ਹਾਦਸੇ ਵਿਚ ਵਿਜੈ ਤਾਂ ਸੜਕ ਕੰਢੇ ਡਿਗ ਗਿਆ ਪਰ ਗਿਆਨ ਚੰਦ ਨੂੰ ਟਰੱਕ ਕੁਚਲਦਾ ਹੋਇਆ ਲੰਘ ਗਿਆ। ਹਾਦਸੇ ਤੋਂ ਬਾਅਦ ਟਰੱਕ ਚਾਲਕ ਆਪਣੇ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਜਖ਼ਮੀ ਹੋਏ ਗਿਆਨ ਚੰਦ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਨੂੰ ਮਿਲਿਆ ਪਹਿਲਾ 'ਡਰੋਨ ਸਿਖਲਾਈ ਹੱਬ', CM ਭਗਵੰਤ ਮਾਨ ਨੇ ਕੀਤਾ ਉਦਘਾਟਨ

ਪੁਲਸ ਵੱਲੋਂ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮੋਹਨ ਲਾਲ ਨੇ ਦੱਸਿਆ ਕਿ ਫਿਲਹਾਲ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਉਸਦੀ ਪਛਾਣ ਕਰ ਲਈ ਜਾਵੇਗੀ। ਦੂਸਰੇ ਪਾਸੇ ਪਿੰਡ ਚੱਕੀ ਦੇ ਵਾਸੀਆਂ ਦਾ ਕਹਿਣਾ ਸੀ ਕਿ ਮ੍ਰਿਤਕ ਗਿਆਨ ਚੰਦ ਬਹੁਤ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ, ਜੋ ਚਾਹ ਦੀ ਦੁਕਾਨ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਅਤੇ ਨਾਲ ਹੀ ਛੋਟਾ ਕਿਸਾਨ ਸੀ। ਪਿੰਡ ਵਾਸੀਆਂ ਨੇ ਸਰਕਾਰ ਨੂੰ ਇਸ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News