ਕਣਕ ਨਾਲ ਭਰੀ ਟਰਾਲੀ ਪਲਟਣ ਨਾਲ ਕਿਸਾਨ ਦਾ ਹੋਇਆ ਨੁਕਸਾਨ
Tuesday, Apr 17, 2018 - 01:37 AM (IST)
ਮੋਗਾ, (ਸੰਦੀਪ)- ਪਿੰਡ ਸਿੰਘਾਂਵਾਲਾ ਤੋਂ ਬੁੱਕਣਵਾਲਾ ਨੂੰ ਜਾਂਦੀ ਲਿੰਕ ਰੋਡ 'ਤੇ ਨਿਰਮਾਣ ਅਧੀਨ ਪੁਲ ਦੇ ਅੱਧ ਵਿਚਕਾਰ ਲਟਕ ਰਹੇ ਕੰਮ ਕਾਰਨ ਪਿਛਲੇ ਲਗਭਗ ਡੇਢ ਸਾਲ ਤੋਂ ਆਸ-ਪਾਸ ਦੇ ਪਿੰਡ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਥੇ ਹੀ ਬਸ ਨਹੀਂ ਇਸ ਪੁਲ ਦੇ ਨਿਰਮਾਣ ਕਾਰਨ ਕਈ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ ਤੇ ਕਈ ਵ੍ਹੀਕਲ ਵੀ ਪਲਟ ਚੁੱਕੇ ਹਨ ਪਰ ਇਸ ਅਧੂਰੇ ਪਏ ਕਾਰਜ ਵੱਲ ਸਬੰਧਿਤ ਵਿਭਾਗ ਦੇ ਕਿਸੇ ਵੀ ਅਧਿਕਾਰੀ ਦਾ ਧਿਆਨ ਨਹੀਂ ਹੈ, ਲਗਦਾ ਪ੍ਰਸ਼ਾਸਨਿਕ ਅਧਿਕਾਰੀ ਕਿਸੇ ਵੱਡੀ ਘਟਨਾ ਦੇ ਇੰਤਜ਼ਾਰ 'ਚ ਹਨ।
ਇਸ ਪੁਲ ਕਾਰਨ ਪਿੰਡ ਤਾਰੇਵਾਲਾ ਨਿਵਾਸੀ ਕਿਸਾਨ ਨੈਬ ਸਿੰਘ, ਜੋ ਕਣਕ ਦੀ ਟਰਾਲੀ ਭਰ ਕੇ ਮੰਡੀ ਨੂੰ ਲੈ ਕੇ ਜਾ ਰਿਹਾ ਸੀ, ਦੀ ਟਰਾਲੀ ਪਲਟ ਗਈ ਤੇ ਸਾਰੀ ਕਣਕ ਵੀ ਪੁਲ 'ਚ ਰੁੜ੍ਹ ਗਈ ਪਰ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਕਿਸਾਨ ਆਗੂ ਨੇ ਦੱਸਿਆ ਕਿ ਉਕਤ ਦੁਰਘਟਨਾ 'ਚ ਉਸ ਦੀ ਛੇ ਏਕੜ ਦੀ ਫਸਲ ਜਿਸ ਦੀ ਕੀਮਤ ਲਗਭਗ ਤਿੰਨ ਲੱਖ ਦੀ ਸੀ, ਨਸ਼ਟ ਹੋ ਗਈ।
ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਤਾਰੇ ਵਾਲਾ ਦੇ ਸਰਪੰਚ ਭੋਲਾ ਸਿੰਘ, ਸਰਪੰਚ ਤੀਰਥ ਸਿੰਘ ਕਾਲਾ ਅਤੇ ਪਿੰਡ ਬੁੱਕਣਵਾਲਾ ਦੇ ਸਰਪੰਚ ਨਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਆਸ-ਪਾਸ ਦੇ ਪਿੰਡਾਂ ਦੇ ਲੋਕ ਉਥੇ ਆ ਗਏ ਅਤੇ ਜੇ. ਸੀ. ਬੀ. ਮਸ਼ੀਨ ਦੀ ਸਹਾਇਤਾ ਨਾਲ ਟਰਾਲੀ ਨੂੰ ਸੇਮ ਨਾਲੇ 'ਚੋਂ ਕੱਢਿਆ। ਲੋਕਾਂ ਨੇ ਕਿਸਾਨ ਨੈਬ ਸਿੰਘ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਉਕਤ ਕਿਸਾਨ ਠੇਕੇ 'ਤੇ ਲੈ ਕੇ ਜ਼ਮੀਨ ਦੀ ਵਾਹੀ ਕਰਦਾ ਸੀ, ਨੁਕਸਾਨ ਹੋਣ ਕਾਰਨ ਉਸ ਨੂੰ ਠੇਕਾ ਦੇਣ ਦਾ ਫਿਕਰ ਪਿਆ ਹੋਇਆ ਹੈ। ਉਕਤ ਸਰਪੰਚਾਂ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇਸ ਅਧੂਰੇ ਪਏ ਨਿਰਮਾਣ ਕਾਰਜ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕਾਂ ਤੇ ਰਾਹਗੀਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਨਿਜਾਤ ਮਿਲ ਸਕੇ।
