ਕਣਕ ਦੀ ਆਮਦ ਹੋਈ ਤੇਜ਼, ਕਿਸਾਨ ਆਪਣੀ ਫਸਲ ਕੱਚੇ ਥਾਂ ਲਾਹੁਣ ਲਈ ਮਜਬੂਰ

Sunday, Apr 22, 2018 - 02:42 AM (IST)

ਕਣਕ ਦੀ ਆਮਦ ਹੋਈ ਤੇਜ਼, ਕਿਸਾਨ ਆਪਣੀ ਫਸਲ ਕੱਚੇ ਥਾਂ ਲਾਹੁਣ ਲਈ ਮਜਬੂਰ

ਲਹਿਰਾ ਮੁਹੱਬਤ(ਮਨੀਸ਼)- ਮਾਰਕੀਟ ਕਮੇਟੀ ਭੁੱਚੋ ਮੰਡੀ ਅਧੀਨ ਪੈਂਦੇ ਲਹਿਰਾ ਮੁਹੱਬਤ ਖਰੀਦ ਕੇਂਦਰ 'ਚ ਕਣਕ ਦੀ ਲਿਫਟਿੰਗ ਧੀਮੀ ਹੋਣ ਕਾਰਨ ਗੱਟਿਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ। ਜਾਣਕਾਰੀ ਮੁਤਾਬਕ ਇਸ ਖਰੀਦ ਕੇਂਦਰ 'ਚ ਦੋ ਸਰਕਾਰੀ ਏਜੰਸੀਆਂ ਪਨਗ੍ਰੇਨ ਅਤੇ ਮਾਰਕਫੈੱਡ ਖਰੀਦ ਕਰ ਰਹੀਆਂ ਹਨ। ਇਸ ਖਰੀਦ ਕੇਂਦਰ ਵਿਚ ਹੁਣ ਤੱਕ 1 ਲੱਖ 32 ਹਜ਼ਾਰ ਗੱਟੇ ਦੀ ਆਮਦ ਹੋਈ ਹੈ ਜਿਸ 'ਚੋਂ 1 ਲੱਖ 4 ਹਜ਼ਾਰ ਗੱਟਾ ਖਰੀਦ ਕੀਤਾ ਜਾ ਚੁੱਕਾ ਹੈ ਅਤੇ 28 ਹਜ਼ਾਰ ਗੱਟਾ ਖਰੀਦ ਦੀ ਇੰਤਜਾਰ ਹੇਠ ਹੈ। ਇਸ ਖਰੀਦ ਕੀਤੇ ਗੱਟਿਆਂ 'ਚੋਂ 14 ਹਜ਼ਾਰ ਹੀ ਗੱਟੇ ਦੀ ਲਿਫਟਿੰਗ ਹੋਈ ਹੈ ਜਦੋਂ ਕਿ 90 ਹਜ਼ਾਰ ਗੱਟਾ ਇਸ ਖਰੀਦ ਕੇਂਦਰ 'ਚ ਲਿਫਟਿੰਗ ਖੁਣੋ ਜਮ੍ਹਾਂ ਪਿਆ ਹੈ। ਇਸੇ ਤਰ੍ਹਾਂ ਪਿੰਡ ਲਹਿਰਾ ਬੇਗਾ ਦੇ ਖਰੀਦ ਕੇਂਦਰ ਵਿਚ 25 ਹਜ਼ਾਰ ਗੱਟੇ 'ਚੋਂ 20 ਹਜ਼ਾਰ ਗੱਟੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਖਰੀਦ ਕੇਂਦਰ 'ਚੋਂ ਅਜੇ ਤੱਕ ਲਿਫਟਿੰਗ ਸ਼ੁਰੂ ਨਹੀਂ ਹੋਈ। ਸੇਮਾ ਕਲਾਂ ਦੇ ਖਰੀਦ ਕੇਂਦਰ 'ਚ 23 ਹਜ਼ਾਰ 500 ਗੱਟਾ, ਪਿੰਡ ਪੂਹਲਾ ਵਿਖੇ 42 ਹਜ਼ਾਰ ਗੱਟਾ,ਪੂਹਲੀ ਵਿਖੇ 20 ਹਜ਼ਾਰ ਗੱਟਾ ਅਤੇ ਬਾਠ ਵਿਖੇ 9 ਹਜ਼ਾਰ ਗੱਟਾ ਲਿਫਟਿੰਗ ਦਾ ਇੰਤਜਾਰ ਕਰ ਰਿਹਾ ਹੈ। ਮਾਰਕਫੈੱਡ ਇੰਸਪੈਕਟਰ ਭੁਪਿੰਦਰ ਸਿੰਘ ਨੇ ਸੰਪਰਕ ਕੀਤੇ ਜਾਣ 'ਤੇ ਦੱਸਿਆ ਕਿ ਅੱਜ ਸਪੈਸ਼ਲ ਲੱਗਣ ਕਾਰਨ ਗੱਡੀਆਂ ਮਿਲਣ ਦੀ ਸਮੱਸਿਆ ਆਈ ਹੈ। ਉਨ੍ਹਾਂ ਕਿਹਾ ਕਿ ਲਿਫਟਿੰਗ ਦੀ ਸਮੱਸਿਆ ਜਲਦ ਠੀਕ ਕਰ ਦਿੱਤੀ ਜਾਵੇਗੀ।


Related News