''ਜੱਟਾ ਤੇਰੀ ਜੂਨ ਬੁਰੀ...'' ਅਨਾਜ ਮੰਡੀ ਪਾਇਲ ''ਚ ਕਣਕ ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨ ਤੇ ਆੜ੍ਹਤੀ ਨਿਰਾਸ਼
Friday, Apr 20, 2018 - 06:27 AM (IST)
ਪਾਇਲ(ਬਰਮਾਲੀਪੁਰ)-ਅਨਾਜ ਮੰਡੀ ਪਾਇਲ 'ਚ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਕਣਕ ਦੀ 1 ਲੱਖ ਕੁਇੰਟਲ ਕਣਕ ਦੀ ਫਸਲ ਦੀ ਖਰੀਦਣ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਇਕ ਰੁਪਏ ਦੀ ਵੀ ਅਦਾਇਗੀ ਨਾ ਹੋਣ ਕਾਰਨ ਮੰਡੀ ਵਿਚ ਕਿਸਾਨਾਂ ਤੇ ਆੜ੍ਹਤੀਆਂ 'ਚ ਹਾਹਾਕਾਰ ਮਚ ਗਈ ਹੈ, ਜਦਕਿ ਮੰਡੀ ਵਿਚ ਚੁਕਵਾਈ ਨਾ ਹੋਣ ਕਾਰਨ 2 ਲੱਖ ਦੇ ਕਰੀਬ ਕੱਟਾ ਜਮ੍ਹਾ ਹੋ ਜਾਣ ਕਾਰਨ ਮੰਡੀ ਪ੍ਰਬੰਧ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅਨਾਜ ਮੰਡੀ 'ਚ ਕਣਕ ਵੇਚਣ ਵਾਲੇ ਕਿਸਾਨ ਕਰੀਬ 10 ਦਿਨਾਂ ਤੋਂ ਮੰਡੀ ਵਿਚ ਬੈਠੇ ਰੋਜ਼ਾਨਾ ਆਪਣੀ ਕਣਕ ਦੀ ਅਦਾਇਗੀ ਦੀ ਉਡੀਕ ਕਰਦੇ ਹਨ ਤੇ ਸੀਜ਼ਨ ਸਿਖਰ 'ਤੇ ਹੋਣ ਕਾਰਨ ਮੰਡੀ ਵਿਚ ਹਰ ਰੋਜ਼ ਕਣਕ ਵਿਕਣ ਦਾ ਰੁਝਾਨ ਬਾਦਸਤੂਰ ਜਾਰੀ ਰਹਿਣ ਕਾਰਨ ਕਿਸਾਨਾਂ ਦੀ ਅਦਾਇਗੀ ਪ੍ਰਾਪਤ ਕਰਨ ਦੀ ਸੂਚੀ ਲੰਮੀ ਹੁੰਦੀ ਜਾ ਰਹੀ ਹੈ। ਮੰਡੀ 'ਚ ਨਿਰਾਸ਼ ਬੈਠੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਭਗਵੰਤ ਸਿੰਘ, ਮਾਨ ਸਿੰਘ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ, ਲਾਭ ਸਿੰਘ, ਦਲਵੀਰ ਸਿੰਘ ਆਦਿ ਨੇ ਕਿਹਾ ਕਿ 6 ਮਹੀਨੇ ਦੀ ਮਿਹਨਤ ਤੋਂ ਬਾਅਦ ਵੀ ਕਿਸਾਨਾਂ ਨੂੰ ਸਰਕਾਰ ਵੱਲੋਂ ਅਦਾਇਗੀ ਨਾ ਕੀਤੇ ਜਾਣ ਕਾਰਨ ਸਰਕਾਰ ਵਿਰੁੱਧ ਗੁੱਸਾ ਵਧ ਰਿਹਾ ਹੈ, ਜੋ ਕਿਸੇ ਵੇਲੇ ਵੀ ਗੰਭੀਰ ਹੋ ਸਕਦਾ ਹੈ।
2 ਲੱਖ ਕੱਟਾ ਮੰਡੀ 'ਚ ਜਮ੍ਹਾ ਹੋਇਆ
ਅਨਾਜ ਮੰਡੀ ਪਾਇਲ 'ਚ ਚੁਕਵਾਈ ਨਾ ਹੋਣ ਕਾਰਨ ਮੰਡੀ 'ਚ ਕਣਕ ਦੇ ਕੱਟਿਆਂ ਦੇ ਅੰਬਾਰ ਲੱਗੇ ਹੋਏ ਹਨ ਤੇ ਫਸਲ ਦੀ ਆਮਦ ਧੜਾ-ਧੜ ਜਾਰੀ ਹੈ। ਜਾਣਕਾਰੀ ਅਨੁਸਾਰ ਚੁਕਵਾਈ ਦਾ ਸਿਸਟਮ ਇੰਨੀ ਬੁਰੀ ਤਰ੍ਹਾਂ ਉਲਝ ਗਿਆ ਹੈ ਕਿ ਮੰਡੀ 'ਚੋਂ ਸਿਰਫ 50 ਹਜ਼ਾਰ ਕੱਟਾ ਹੀ ਚੁੱਕਿਆ ਗਿਆ ਹੈ, ਜਦਕਿ 2 ਲੱਖ ਕੱਟਾ ਚੁੱਕਣ ਲਈ ਬਹੁਤੀ ਸੰਜੀਦਗੀ ਕਿਸੇ ਪਾਸੇ ਵੀ ਨਜ਼ਰ ਨਹੀਂ ਆ ਰਹੀ ।
ਏਜੰਸੀਆਂ ਨੇ ਕੀਤੀ ਕੁਲ ਖਰੀਦ
ਬੁਰੀ ਤਰ੍ਹਾਂ ਉਲਝੇ ਦੌਰ 'ਚ ਅਨਾਜ ਮੰਡੀ ਪਾਇਲ 'ਚ ਖਰੀਦ ਲਗਾਤਾਰ ਜਾਰੀ ਹੈ। ਹੁਣ ਤੱਕ ਮੰਡੀ ਵਿਚ ਪਨਗਰੇਨ ਵੱਲੋਂ ਕਰੀਬ 19 ਹਜ਼ਾਰ ਕੁਇੰਟਲ, ਪਨਸਪ ਵੱਲੋਂ ਕਰੀਬ 30 ਹਜ਼ਾਰ 980 ਕੁਇੰਟਲ, ਮਾਰਕਫੈੱਡ ਵੱਲੋਂ 14 ਹਜ਼ਾਰ 534 ਕੁਇੰਟਲ, ਵੇਅਰ ਹਾਊਸ ਵਲੋਂ 22 ਹਜ਼ਾਰ 278 ਕੁਇੰਟਲ, ਪੰਜਾਬ ਐਗਰੋ ਵੱਲੋਂ ਕਰੀਬ 21 ਹਜ਼ਾਰ 175 ਕੁਇੰਟਲ ਅਤੇ ਐੱਫ. ਸੀ. ਆਈ. ਵੱਲੋਂ 1300 ਕੁਇੰਟਲ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਐੱਸ. ਡੀ. ਐੱਮ. ਟਿਵਾਣਾ ਨੇ ਕੀਤਾ ਮੰਡੀ ਦਾ ਦੌਰਾ
ਐੱਸ. ਡੀ. ਐੱਮ. ਪਾਇਲ ਸਵਾਤੀ ਟਿਵਾਣਾ ਵਲੋਂ ਮੰਡੀ ਦੇ ਉਲਝੇ ਸਿਸਟਮ ਨੂੰ ਵੇਖਦਿਆਂ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ। ਉਨ੍ਹਾਂ ਇਸ ਮੌਕੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਤੇ ਆੜ੍ਹਤੀਆਂ ਸਮੇਤ ਕਿਸਾਨਾਂ ਨਾਲ ਮੁਲਾਕਾਤ ਕਰ ਕੇ ਪ੍ਰਬੰਧ ਸੁਚਾਰੂ ਤਰੀਕੇ ਨਾਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਚੁਕਵਾਈ ਨਾ ਹੋਣ ਦੀ ਵਜ੍ਹਾ ਫਸਲ ਦੀ ਇਕਦਮ ਆਮਦ : ਨੋਨਾ
ਕਾਂਗਰਸੀ ਆਗੂ ਤੇ ਪ੍ਰਮੁੱਖ ਆੜ੍ਹਤੀ ਹਰੀਸ਼ ਕੁਮਾਰ ਨੋਨਾ ਨੇ ਆਖਿਆ ਕਿ ਚੁਕਵਾਈ ਨਾ ਹੋਣ ਦੀ ਵਜ੍ਹਾ ਫਸਲ ਦੀ ਇਕਦਮ ਆਮਦ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਵਲੋਂ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਧਿਆਨ 'ਚ ਲਿਆਂਦਾ ਗਿਆ ਹੈ ਅਤੇ ਜਲਦ ਹੀ ਮੰਡੀ ਖਾਲੀ ਹੋ ਜਾਵੇਗੀ।