ਕਿਸਾਨ ਜਥੇਬੰਦੀਆਂ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਦਫਤਰ ਅੰਦਰ ਕੀਤਾ ਬੰਦ

03/22/2018 6:53:37 AM

ਭਦੌੜ(ਰਾਕੇਸ਼)-ਜਾਅਲੀ ਮੋਟਰਾਂ 'ਤੇ ਪਾਏ ਜੁਰਮਾਨਿਆਂ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪਾਵਰਕਾਮ ਵਿਖੇ ਧਰਨਾ ਲਾਇਆ ਹੋਇਆ ਹੈ। ਅੱਜ ਧਰਨੇ ਦੌਰਾਨ ਪਾਵਰਕਾਮ ਦੇ ਅਧਿਕਾਰੀਆਂ ਨੂੰ ਦਫਤਰ 'ਚ ਹੀ ਬੰਦ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਕੀ ਹੈ ਮਾਮਲਾ :  2014-15 'ਚ ਪਿੰਡ ਤਲਵੰਡੀ, ਵਿਧਾਤੇ, ਬੀਹਲੀ, ਅਲਕੜ੍ਹਾ, ਸ਼ਹਿਣਾ, ਨੈਣੇਵਾਲਾ ਅਤੇ ਸੰਧੂ ਕਲਾਂ ਦੇ ਪਿੰਡਾਂ ਦੀ ਚੈਕਿੰਗ ਕੀਤੀ ਗਈ ਸੀ, ਜਿਸ ਦੌਰਾਨ 99 ਕਿਸਾਨਾਂ ਦੀਆਂ ਮੋਟਰਾਂ ਨੂੰ ਜਾਅਲੀ ਕਰਾਰ ਦਿੱਤਾ ਗਿਆ ਸੀ ਅਤੇ ਜਿਨ੍ਹਾਂ 'ਚੋਂ 13 ਕਿਸਾਨਾਂ ਨੇ ਪਾਵਰਕਾਮ ਨੂੰ ਪੈਸੇ ਭਰ ਕੇ ਆਪਣੀਆਂ ਮੋਟਰਾਂ ਪੱਕੀਆਂ ਕਰਵਾ ਲਈਆਂ, 86 ਕਿਸਾਨਾਂ ਦੀਆਂ ਮੋਟਰਾਂ ਨੂੰ ਜਾਅਲੀ ਕਰਾਰ ਦੇ ਕੇ ਇਨ੍ਹਾਂ ਕਿਸਾਨਾਂ ਨੂੰ 2 ਲੱਖ ਰੁਪਏ ਤੋਂ ਲੈ ਕੇ ਤਿੰਨ ਲੱਖ ਰੁਪਏ ਤੱਕ ਜੁਰਮਾਨਾ ਕੀਤਾ ਗਿਆ ਸੀ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਆਪਣੀਆਂ ਮੋਟਰਾਂ ਪੱਕੀਆਂ ਕਰਵਾਉਣ ਲਈ ਪਾਵਰਕਾਮ ਦੇ ਅਧਿਕਾਰੀਆਂ ਨੂੰ ਪੈਸੇ ਦਿੱਤੇ ਹੋਏ ਹਨ। ਇਸ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ 19 ਮਾਰਚ ਤੋ ਮੋਟਰਾਂ ਪੱਕੀਆਂ ਕਰਵਾਉਣ ਅਤੇ ਜੁਰਮਾਨੇ ਮੁਆਫ ਕਰਵਾਉਣ ਲਈ ਲਗਾਤਾਰ ਪਾਵਰਕਾਮ ਭਦੌੜ ਵਿਖੇ ਧਰਨਾ ਲਾਇਆ ਹੋਇਆ ਹੈ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪਾਵਰਕਾਮ ਦੇ ਅਧਿਕਾਰੀਆਂ ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਟਾਈਮ ਦਿੱਤਾ ਗਿਆ ਸੀ ਕਿ ਜੇਕਰ ਸਾਡੀ ਕਿਸੇ ਅਧਿਕਾਰੀ ਨੇ ਇਸ ਸਬੰਧੀ ਕੋਈ ਗੱਲਬਾਤ ਨਾ ਸੁਣੀ ਤਾਂ ਅਸੀਂ ਤਿੱਖਾ ਸੰਘਰਸ਼ ਕਰਾਂਗੇ। ਕਿਸਾਨਾਂ ਨੇ 3 ਵਜੇ ਤੋਂ ਬਾਅਦ ਪਾਵਰਕਾਮ ਦੇ ਅਧਿਕਾਰੀਆਂ ਨੂੰ ਪਾਵਰਕਾਮ ਦੇ ਦਫਤਰ 'ਚ ਹੀ ਬੰਦੀ ਬਣਾ ਲਿਆ ਅਤੇ ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਸਾਡੇ ਨਾਲ ਕੋਈ ਅਧਿਕਾਰੀ ਆ ਕੇ ਗੱਲਬਾਤ ਨਹੀਂ ਕਰਦਾ, ਉਨਾ ਸਮਾਂ ਅਸੀਂ ਕਿਸੇ ਵੀ ਅਧਿਕਾਰੀ ਨੂੰ ਬਾਹਰ ਨਹੀਂ ਜਾਣ ਦੇਵਾਂਗੇ। ਕਿਸਾਨ ਜਥੇਬੰਦੀਆਂ ਵੱਲੋਂ ਪਾਵਰਕਾਮ ਦੇ ਅਧਿਕਾਰੀਆਂ ਨੂੰ ਦਫਤਰ ਦੇ ਅੰਦਰ ਬੰਦ ਕਰ ਕੇ ਦੋਵੇਂ ਪਾਸਿਆਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਦਰਵਾਜ਼ਿਆਂ 'ਚ ਵੱਡੀ ਪੱਧਰ 'ਤੇ ਕਿਸਾਨਾਂ ਨੂੰ ਬੈਠਾ ਦਿੱਤਾ ਤਾਂ ਕਿ ਕੋਈ ਵੀ ਅਧਿਕਾਰੀ ਪਾਵਰਕਾਮ ਦੇ ਦਫਤਰ 'ਚੋਂ ਨਿਕਲ ਨਾ ਸਕੇ।  ਇਸ ਦੌਰਾਨ ਕਿਸਾਨ ਆਗੂ ਚਮਕੌਰ ਸਿੰਘ ਨੈਣੇਵਾਲੀਆਂ, ਕਰਮਜੀਤ ਸਿੰਘ ਮਾਨ, ਹਰਜੀਤ ਸਿੰਘ ਮਹਿਲ ਕਲਾਂ, ਕੁਲਵੰਤ ਸਿੰਘ ਮਾਨ, ਪਵਿੱਤਰ ਸਿੰਘ ਲਾਲੀ ਕਾਲਸਾਂ ਤੋਂ ਇਲਾਵਾ ਥਾਣਾ ਭਦੌੜ ਦੇ ਐੱਸ. ਐੱਚ. ਓ. ਪ੍ਰਗਟ ਸਿੰਘ, ਏ. ਐੱਸ. ਆਈ. ਦਰਸ਼ਨ ਸਿੰਘ ਆਪਣੀ ਪੂਰੀ ਟੀਮ ਸਮੇਤ ਹਾਜ਼ਰ ਸਨ।
ਕੀ ਕਹਿਣਾ ਹੈ ਐਕਸੀਅਨ ਪਵਨ ਗਰਗ ਬਰਨਾਲਾ ਦਾ : ਜਦੋਂ ਇਸ ਸਬੰਧੀ ਜ਼ਿਲਾ ਬਰਨਾਲਾ ਦੇ ਐਕਸੀਅਨ ਪਵਨ ਗਰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਸਾਡੇ ਚੀਫ ਸਾਹਿਬ ਆਏ ਹੋਏ ਸਨ। ਉਨ੍ਹਾਂ ਨਾਲ ਮੀਟਿੰਗ ਚੱਲ ਰਹੀ ਸੀ, ਉਨ੍ਹਾਂ ਕਿਹਾ ਕਿ ਅੱਜ ਪਾਵਰਕਾਮ ਦੇ ਅਧਿਕਾਰੀਆਂ ਨੂੰ ਦਫਤਰ ਅੰਦਰ ਬੰਦ ਕਰਨ ਦਾ ਮਾਮਲਾ ਮੇਰੇ ਧਿਆਨ ਵਿਚ ਆ ਚੁੱਕਾ ਹੈ ਅਤੇ ਇਸ ਲਈ ਮੈਂ ਐੱਸ. ਡੀ. ਓ. ਲਖਬੀਰ ਸਿੰਘ ਭਦੌੜ ਤੇ ਐੱਸ. ਡੀ. ਓ. ਸੁਸ਼ੀਲ ਕੁਮਾਰ ਸ਼ਹਿਣਾ ਨੂੰ ਕਿਸਾਨ ਜਥੇਬੰਦੀਆਂ ਤੋਂ ਮੈਮੋਰੰਡਮ ਲੈਣ ਲਈ ਭੇਜ ਦਿੱਤਾ ਹੈ ਜੋ ਵੀ ਕਿਸਾਨ ਜਥੇਬੰਦੀਆਂ ਮੈਮੋਰੰਡਮ ਦੇਣਗੀਆਂ, ਅਸੀਂ ਉਸ ਨੂੰ ਫਾਈਲ ਕਰ ਕੇ ਪਾਵਰਕਾਮ ਦੇ ਚੀਫ ਸਾਹਿਬ ਕੋਲ ਭੇਜ ਦੇਵਾਂਗੇ।


Related News