5 ਮਹੀਨੇ ਪਹਿਲਾਂ ਬਣਾਇਆ ਖਾਲ ਟੁੱਟਿਆ

Wednesday, Dec 20, 2017 - 07:08 AM (IST)

5 ਮਹੀਨੇ ਪਹਿਲਾਂ ਬਣਾਇਆ ਖਾਲ ਟੁੱਟਿਆ

ਤਪਾ ਮੰਡੀ(ਸ਼ਾਮ, ਗਰਗ)—ਪਿੰਡ ਧੌਲਾ ਵਿਖੇ ਸਿਰਫ 5 ਮਹੀਨੇ ਪਹਿਲਾਂ ਨਹਿਰੀ ਪਾਣੀ ਲਈ ਬਣਾਇਆ ਗਿਆ ਖਾਲ (ਧਨੌਲਾ ਰਜਬਾਹਾ ਮੋਘਾ ਬੁਰਜੀ ਨੰਬਰ 71228) ਟੁੱਟ ਜਾਣ ਕਾਰਨ ਕਿਸਾਨਾਂ 'ਚ ਰੋਸ ਪਾਇਆ ਜਾ ਰਿਹਾ ਹੈ।  ਪੀੜਤ ਕਿਸਾਨਾਂ ਨਾਜਰ ਸਿੰਘ ਪੁੱਤਰ ਨੇਕ ਸਿੰਘ, ਪਰਮਿੰਦਰ ਸਿੰਘ ਵਾਸੀ ਧੌਲਾ ਨੇ ਦੱਸਿਆ ਕਿ 4-5 ਮਹੀਨੇ ਪਹਿਲਾਂ ਹੀ ਰਜਬਾਹਾ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਰਾਮਪੁਰਾ ਦੇ ਅਧਿਕਾਰੀਆਂ ਨੇ ਬਣਵਾਇਆ ਸੀ। ਘਟੀਆ ਕਿਸਮ ਦੀ ਸਮੱਗਰੀ ਵਰਤਣ ਕਾਰਨ ਖਾਲ ਦਾ ਪੂਰਾ ਬੈਂਡ 2 ਮਹੀਨਿਆਂ ਬਾਅਦ ਹੀ ਟੁੱਟ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਨਹਿਰੀ ਖਾਲ ਠੇਕੇਦਾਰ ਅਤੇ ਅਧਿਕਾਰੀਆਂ ਵੱਲੋਂ ਨਿਯਮਾਂ ਦੇ ਉਲਟ ਬਣਾਇਆ ਗਿਆ ਹੈ। ਬਾਹਰਲੇ ਪਾਸੇ ਨਿਯਮਾਂ ਅਨੁਸਾਰ ਪਲੱਸਤਰ ਨਹੀਂ ਕੀਤਾ ਗਿਆ ਅਤੇ ਖਾਲ ਨਾਲ ਮਿੱਟੀ ਵੀ ਨਹੀਂ ਲਾਈ ਗਈ, ਜਿਸ ਕਾਰਨ ਇਹ ਟੁੱਟ ਗਿਆ। 
ਵਿਜੀਲੈਂਸ ਤੋਂ ਨਿਰਪੱਖ ਜਾਂਚ ਕਰਵਾਉਣ ਦੀ ਮੰਗ
ਕਿਸਾਨਾਂ ਪੰਜਾਬ ਸਰਕਾਰ ਅਤੇ ਡੀ. ਸੀ. ਬਰਨਾਲਾ ਤੋਂ ਇਸ ਦੀ ਵਿਜੀਲੈਂਸ ਰਾਹੀਂ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਨਹਿਰੀ ਖਾਲ ਦੀ ਉਸਾਰੀ ਲਈ ਕਰੋੜਾਂ ਰੁਪਏ ਖ਼ਰਚੇ ਹਨ। ਕਿਸਾਨਾਂ ਨੇ ਵੀ 10 ਫੀਸਦੀ ਰੁਪਏ ਖ਼ਾਲ ਦੀ ਉਸਾਰੀ ਲਈ ਆਪਣੀ ਕਮਾਈ ਵਿਚੋਂ ਸਰਕਾਰ ਕੋਲ ਜਮ੍ਹਾ ਕਰਵਾਏ ਹਨ।
ਐੱਸ. ਡੀ. ਓ. ਨੇ ਮੰਨਿਆ—ਲਾਪ੍ਰਵਾਹੀ ਹੋਈ ਹੈ
ਵਿਭਾਗ ਦੇ ਐੱਸ. ਡੀ. ਓ. ਰਾਜਿੰਦਰ ਮੋਹਨ ਬਾਂਸਲ ਨੇ ਮੰਨਿਆ ਕਿ ਖਾਲ ਬਣਾਉਣ ਸਮੇਂ ਲਾਪ੍ਰਵਾਹੀ ਹੋਈ ਹੈ। ਖ਼ਾਲ ਦੀਆਂ ਸਾਈਡਾਂ 'ਤੇ ਪਲੱਸਤਰ ਵੀ ਕਰਨਾ ਸੀ ਅਤੇ ਖ਼ਾਲ ਨਾਲ ਮਿੱਟੀ ਵੀ ਲਾਉਣੀ ਸੀ।


Related News