ਸੁਨਹਿਰੀ ਯੁੱਗ ਦੇ ਗੀਤਾਂ ਦਾ ਖ਼ਜ਼ਾਨਾ ਸੰਭਾਲੀ ਬੈਠਾ ਹੈ ਕਿਸਾਨ ਮਹਿੰਦਰਪਾਲ

9/4/2020 6:02:41 PM

ਮਾਛੀਵਾੜਾ ਸਾਹਿਬ (ਟੱਕਰ) : ਅੱਜ ਦੀ ਨੌਜਵਾਨ ਪੀੜ੍ਹੀ ਜੋ ਕਿ ਪੁਰਾਤਨ ਤੇ ਸੱਭਿਆਚਾਰਕ ਗੀਤਾਂ ਨੂੰ ਭੁੱਲ ਕੇ ਮਾਰੂ ਹਥਿਆਰਾਂ ਤੇ ਭੜਕਾਊ ਗੀਤ ਗਾਉਣ ਵਾਲੇ ਗਾਇਕਾਂ ਪਿੱਛੇ ਲੱਗ ਕੇ ਜਿੱਥੇ ਹਿੰਸਕ ਹੋ ਰਹੀ ਹੈ, ਉਥੇ ਮਾਛੀਵਾੜਾ ਦੇ ਮੀਆਂ ਮੁਹੱਲੇ ਦੇ ਕਿਸਾਨ ਮਹਿੰਦਰਪਾਲ ਸ਼ਰਮਾ ਅੱਜ ਵੀ ਸੁਨਹਿਰੀ ਯੁੱਗ ਦੇ ਗੀਤਾਂ ਦਾ ਖ਼ਜ਼ਾਨਾ ਸੰਭਾਲੀ ਬੈਠਾ ਹੈ ਅਤੇ ਲੋਕਾਂ ਨੂੰ ਆਪਣੇ ਸੱਭਿਆਚਾਰ ਨਾਲ ਜੁੜਨ ਦਾ ਹੋਕਾ ਦੇ ਰਿਹਾ ਹੈ। 65 ਸਾਲਾ ਕਿਸਾਨ ਮਹਿੰਦਰਪਾਲ ਸ਼ਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਨੂੰ ਬਚਪਨ ਵੇਲੇ ਹੀ ਸਕੂਲ ਸਮੇਂ ਦੌਰਾਨ ਉਹ ਲੱਗਦੇ ਕਵੀ ਦਰਬਾਰਾਂ ਵਿਚ ਆਪਣੇ ਕਵਿਤਾਵਾਂ ਦੀ ਪੇਸ਼ਕਾਰੀ ਕਰਦਾ ਸੀ ਜਿੱਥੋਂ ਉਸ ਨੂੰ ਗੀਤ ਲਿਖਣ ਅਤੇ ਉਸ ਸਮੇਂ ਪ੍ਰਸਿੱਧ ਕਲਾਕਾਰਾਂ ਦਾ ਗੀਤ ਸੁਣਨ ਦਾ ਸ਼ੌਂਕ ਵੀ ਜਾਗ ਪਿਆ। 

ਇਹ ਵੀ ਪੜ੍ਹੋ :  95 ਸਾਲਾ ਬਜ਼ੁਰਗ ਨੇ ਕੋਰੋਨਾ ਨੂੰ ਦਿੱਤੀ ਮਾਤ, ਪੂਰੀ ਘਟਨਾ ਜਾਣ ਆਪ ਮੁਹਾਰੇ ਬੋਲੋਗੇ 'ਵਾਹਿਗੁਰੂ'

ਮਹਿੰਦਰਪਾਲ ਅਨੁਸਾਰ ਉਹ ਆਸ-ਪਾਸ ਜਿੱਥੇ ਵੀ ਯਮਲਾ ਜੱਟ, ਕੁਲਦੀਪ ਮਾਣਕ, ਮੁਹੰਮਦ ਸਦੀਕ, ਨਰਿੰਦਰ ਬੀਬਾ, ਗੁਰਦਾਸ ਮਾਨ, ਸਰਦੂਲ ਸਿਕੰਦਰ ਦੇ ਅਖਾੜੇ ਲੱਗਦੇ ਸਨ ਤਾਂ ਉਥੇ ਗੀਤ ਸੁਣਨ ਲਈ ਜ਼ਰੂਰ ਜਾਂਦਾ ਸੀ। ਉਸਨੇ ਦੱਸਿਆ ਕਿ ਇਨ੍ਹਾਂ ਪ੍ਰਸਿੱਧ ਕਲਾਕਾਰਾਂ ਦੇ ਗੀਤਾਂ ਨਾਲ ਉਹ ਇੰਨਾ ਪਿਆਰ ਕਰਦਾ ਸੀ ਕਿ ਉਸਨੇ 1930 'ਚ ਜਰਮਨ ਦਾ ਬਣਿਆ ਗ੍ਰਾਮੋਫੋਨ 1973 'ਚ ਖਰੀਦਿਆ ਜੋ ਕਿ ਬਿਨ੍ਹਾਂ ਬਿਜਲੀ ਤੇ ਬੈਟਰੀ ਤੋਂ ਚੱਲਦਾ ਸੀ। ਮਹਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਇਹ ਗ੍ਰਾਮੋਫੋਨ ਅੰਗਰੇਜ਼ਾਂ ਸਮੇਂ ਭਾਰਤ ਵਿਚ ਆਏ ਸਨ। ਇਸ ਗ੍ਰਾਮੋਫੋਨ 'ਤੇ ਸੁਣਨ ਲਈ ਉਸਨੇ ਆਪਣੀ ਮਿਹਨਤ ਦੀ ਕਮਾਈ 'ਚੋਂ ਸੁਨਹਿਰੀ ਯੁੱਗ ਦੇ ਗਾਇਕਾਂ ਦੇ ਤਵੇ ਖਰੀਦੇ ਅਤੇ ਰੋਜ਼ਾਨਾ ਉਨ੍ਹਾਂ ਨੂੰ ਸੁਣਨ ਲੱਗਿਆ। 

ਇਹ ਵੀ ਪੜ੍ਹੋ :  ਮਜ਼ਦੂਰ ਪਿਤਾ ਨੂੰ ਰੋਟੀ ਦੇਣ ਆਇਆ ਸੀ ਪੁੱਤ, ਅਸਮਾਨੋਂ ਡਿੱਗੀ ਬਿਜਲੀ ਕਾਰਣ ਵਾਪਰ ਗਿਆ ਭਾਣਾ

ਕਿਸਾਨ ਮਹਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਇਹ ਗ੍ਰਾਮੋਫੋਨ ਚਾਬੀ ਭਰਨ ਤੋਂ ਬਾਅਦ ਹਵਾ ਨਾਲ ਇਸ ਦਾ ਤਵਾ ਘੁੰਮਦਾ ਹੈ ਅਤੇ ਗੀਤ ਵੱਜਣ ਲੱਗ ਪੈਂਦੇ ਹਨ, ਇਸ ਤਰ੍ਹਾਂ ਹੌਲੀ-ਹੌਲੀ ਉਸਨੇ ਵੱਖ-ਵੱਖ ਗਾਇਕਾਂ ਦੇ ਕਰੀਬ 1000 ਤੋਂ ਵੱਧ ਤਵੇ ਖਰੀਦ ਲਏ ਜੋ ਕਿ ਅੱਜ ਵੀ ਉਸਨੇ ਸੰਭਾਲੇ ਹੋਏ ਹਨ। ਪੰਜਾਬੀ ਗਾਇਕਾਂ ਤੋਂ ਇਲਾਵਾ ਉਸ ਨੂੰ ਪੁਰਾਣੀ ਹਿੰਦੀ ਫਿਲਮਾਂ ਦੇ ਗੀਤ ਸੁਣਨ ਦਾ ਵੀ ਸ਼ੌਂਕ ਹੈ ਅਤੇ ਮਹਿੰਦਰਪਾਲ ਸ਼ਰਮਾ ਮੇਲਿਆਂ ਤੇ ਧਾਰਮਿਕ ਸਮਾਗਮਾਂ ਵਿਚ ਆਪਣੇ ਗੀਤਾਂ ਦੀ ਪੇਸ਼ਕਾਰੀ ਵੀ ਕਰਦਾ ਰਿਹਾ, ਇਸ ਲਈ ਉਸਨੇ ਕਵਿਤਾਵਾਂ ਦੀਆਂ 2 ਕਿਤਾਬਾਂ ਵੀ ਲਿਖੀਆਂ। ਹੌਲੀ-ਹੌਲੀ ਸਮਾਂ ਲੰਘਣ 'ਤੇ ਬੇਸ਼ੱਕ ਸਾਇੰਸ ਨੇ ਤਰੱਕੀ ਕੀਤੀ ਅਤੇ ਤਵਿਆਂ ਤੋਂ ਬਾਅਦ ਟੇਪ ਰਿਕਾਰਡ ਵਾਲੀਆਂ ਕੈਸਿਟਾਂ, ਫਿਰ ਸੀ.ਡੀ. ਅਤੇ ਹੁਣ ਪੈੱਨ ਡਰਾਈਵ ਵਿਚ ਗੀਤਾਂ ਦੀ ਭਰਮਾਰ ਹੋ ਜਾਂਦੀ ਹੈ ਪਰ ਉਸਦੇ ਘਰ ਵਿਚ ਪਏ ਪੁਰਾਤਨ ਗ੍ਰਾਮੋਫੋਨ ਤੇ ਗੀਤਾਂ ਦੇ ਤਵੇ (ਰਿਕਾਰਡ) ਅੱਜ ਵੀ ਪੁਰਾਣੇ ਸੁਨਹਿਰੀ ਯੁੱਗ ਦੀ ਯਾਦ ਤਾਜ਼ਾ ਕਰਵਾ ਦਿੰਦੇ ਹਨ।

ਇਹ ਵੀ ਪੜ੍ਹੋ :  ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਵਿਵਾਦ 'ਚ ਗੈਂਗਸਟਰ ਦੀ ਐਂਟਰੀ, ਪਰਮੀਸ਼ ਵਰਮਾ ਕਾਂਡ ਦੁਹਰਾਉਣ ਦੀ ਚਿਤਾਵਨੀ


Gurminder Singh

Content Editor Gurminder Singh