ਕਿਸਾਨਾਂ ਵੱਲੋਂ ਟਿਊਬਵੈਲ 10000 ਹਾਰਸ ਪਾਵਰ ਲੋਡ ਸਣੇ ਕੁੱਲ 42600 ਕਿਲੋਵਾਟ ਲੋਡ ਵਧਾਇਆ ਗਿਆ

Saturday, Jun 18, 2022 - 06:04 PM (IST)

ਅੰਮ੍ਰਿਤਸਰ - ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 9 ਜੂਨ 2022 ਨੂੰ ਟਿਊਬਵੈਲ ਕੁਨੈਕਸ਼ਨਾਂ ਵਿਚ ਲੋਡ ਵਿਚ ਵਾਧੇ ਲਈ ਫੀਸ 4750 ਤੋਂ ਘਟਾ ਕੇ 2500 ਰੁਪਏ ਕਰਕੇ ਕਿਸਾਨਾਂ ਲਈ ਵੱਡਾ ਤੋਹਫਾ ਦਿੱਤਾ ਸੀ ਜਿਸ ਦਾ ਪੰਜਾਬ ਦੇ ਕਿਸਾਨਾਂ ਵੱਲੋ ਧੰਨਵਾਦ ਕੀਤਾ ਗਿਆ ਹੈ। ਹਰਭਜਨ ਸਿੰਘ ਈ.ਟੀ.ੳ. ਬਿਜਲੀ ਮੰਤਰੀ ਪੰਜਾਬ, ਦੀ ਅਗਵਾਈ ਹੇਠ ਪੂਰੇ ਪੰਜਾਬ ਵਿਚ ਕਿਸਾਨਾ ਨੂੰ ਸਵੈ-ਇੱਛਤ ਲੋਡ ਵਧਾਉਣ ਸੰਬੰਧੀ ਸਕੀਮ ਦਾ ਲਾਭ ਦੇਣ ਲਈ ਕੈਂਪ ਲਗਾ ਕੇ ਅਤੇ ਕਿਸਾਨਾਂ ਤੱਕ ਪਹੁੰਚ ਕਰਕੇ, ਇਸਦਾ ਫਾਇਦਾ ਕਿਸਾਨਾਂ ਤੱਕ ਪਹੁੰਚਾਉਣ ਲਈ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਬਾਰਡਰ ਜ਼ੋਨ ਅਧੀਨ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਜਿਲ੍ਹਿਆਂ ਵਿਚ ਕੈਂਪ ਲਗਾਏ ਗਏ। ਇੰਜੀ ਬਾਲ ਕ੍ਰਿਸ਼ਨ ਮੁੱਖ ਇੰਜੀਨੀਅਰ ਬਾਰਡਰ ਜ਼ੋਨ ਦੀ ਅਗਵਾਈ ਹੇਠ ਇੰਜੀ. ਗੁਰਸ਼ਰਨ ਸਿੰਘ ਖਹਿਰਾ, ਉੱਪ ਮੁੱਖ ਇੰਜੀਨੀਅਰ ਤਰਨਤਾਰਨ ਵੱਲੋਂ ਆਪਣੇ ਪੱਧਰ ’ਤੇ ਸਮੂਹ ਜ਼ਿਲ੍ਹਾ ਤਰਨਤਾਰਨ ਵਿਖੇ ਕੈਂਪ ਲਗਾ ਕੇ ਖੁੱਦ ਪਹੁੰਚ ਕਰਕੇ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਜਾਗਰੂਕ ਕੀਤਾ । ਇੰਜੀ ਖਹਿਰਾ ਵੱਲੋਂ ਦੱਸਿਆ ਗਿਆ ਕਿ ਤਰਨਤਾਰਨ ਸਰਕਲ ਅਧੀਨ ਕੁੱਲ 94000 ਟਿਊਬਵੈਲ ਖਪਤਕਾਰ ਹਨ ਜਿਨ੍ਹਾਂ ਵਿਚੋਂ 3 ਬੀ.ਐੱਚ.ਪੀ. ਅਤੇ 5 ਬੀ.ਐੱਚ.ਪੀ. ਦੇ 17000 ਖਪਤਕਾਰ ਹਨ ਜਿੰਨ੍ਹਾਂ ਖਪਤਕਾਰਾਂ ਦੀਆਂ ਲਿਸਟਾਂ ਤਿਆਰ ਕਰਕੇ ਸਮੂਹ ਸਟਾਫ ਰਾਹੀਂ ਪਹੁੰਚ ਕੀਤੀ ਗਈ ਜਿਸਦੇ ਫਲਸਰੂਪ ਹਲਕਾ ਤਰਨਤਾਰਨ ਵਿਚ 17 ਜੂਨ ਤੱਕ 2281 ਖਪਤਕਾਰਾ ਵੱਲੋ ਤਕਰੀਬਨ 10000 ਬੀ.ਐੱਚ.ਪੀ. ਲੋਡ ਵਧਾਇਆ ਗਿਆ ਹੈ। ਇਸਦੇ ਨਾਲ-ਨਾਲ ਪਿਛਲੇ 1.5 ਮਹੀਨੇ ਵਿਚ 11354 ਘਰੇਲੂ ਖਪਤਕਾਰਾਂ ਵੱਲੋ 23000 ਕਿਲੋਵਾਟ ਲੋਡ ਵਧਾਇਆ ਗਿਆ ਅਤੇ 6300 ਨਵੇਂ ਘਰੇਲੂ ਕਨੈਕਸ਼ਨ 13000 ਕਿਲੋਵਾਟ ਲੋਡ ਦੇ ਅਪਲਾਈ ਹੋਏ।

ਇੰਜੀ. ਬਾਲ ਕ੍ਰਿਸ਼ਨ ਮੁੱਖ ਇੰਜੀਨੀਅਰ ਬਾਰਡਰ ਜ਼ੋਨ ਵੱਲੋ ਦੱਸਿਆ ਗਿਆ ਕਿ ਇਸੇ ਤਰ੍ਹਾਂ ਹੀ ਗੁਰਦਾਸਪੁਰ ਸਰਕਲ ਵਿਚ ਟਿਊਬਵੈਲ਼ ਦੇ 1060 ਕਨੈਕਸ਼ਨਾਂ ਵੱਲੋਂ 2524 ਬੀ. ਐੱਚ. ਪੀ. ਅਤੇ ਅੰਮ੍ਰਿਤਸਰ ਸਬ ਅਰਬਨ ਸਰਕਲ ਅਧੀਨ 240 ਕਨੈਕਸ਼ਨ 858 ਬੀਐਚਪੀ ਲੋਡ ਅਧੀਨ ਸਵੈ-ਇੱਛਤ ਸਕੀਮ ਅਧੀਨ ਵਧਾਇਆ ਗਿਆ । ਮੁੱਖ ਇੰਜੀਨੀਅਰ ਬਾਰਡਰ ਜ਼ੋਨ ਵੱਲੋਂ ਬਾਕੀ ਖਪਤਕਾਰਾ ਨੂੰ ਵੱਧ ਰਹੇ ਲੋਡ ਨੂੰ ਨਿਯਮਿਤ ਕਰਨ ਲਈ ਉਕਤ ਸਵੈ-ਇੱਛਤ ਸਕੀਮ ਫਾਇਦਾ ਲੈਣ ਦੀ ਅਪੀਲ ਕੀਤੀ ਜਾਂਦੀ ਹੈ। ਇਸ ਦੇ ਨਾਲ-ਨਾਲ ਹੀ ਮੁੱਖ ਇੰਜੀਨੀਅਰ ਵੱਲੋਂ ਇਹ ਵੀ ਦੱਸਿਆ ਗਿਆ ਕਿ 17 ਜੂਨ ਨੂੰ ਸਵੈ-ਇੱਛਤ ਕੈਂਪ ਰਈਆ ਵਿਖੇ ਵਿਜ਼ਿਟ ਦੌਰਾਨ ਕਿਸਾਨਾਂ ਵੱਲੋ ਕੈਸ਼ 10000 ਰੁਪਏ ਦੀ ਲਿਮਿਟ ਨੂੰ ਘੱਟ ਦੱਸਿਆ ਗਿਆ ਜਿਸ ਦੇ ਸੰਬੰਧੀ ਤੁਰੰਤ ਇੰਜੀ. ਬਾਲ ਕ੍ਰਿਸ਼ਨ ਮੁੱਖ ਇੰਜੀਨੀਅਰ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਤੁਰੰਤ ਇਸ ਮਸਲੇ ਦਾ ਹੱਲ ਕੀਤਾ ਗਿਆ ਅਤੇ ਪੂਰੇ ਪੰਜਾਬ ਸੂਬੇ ਵਿਚ ਲੋਡ ਵਧਾਉਣ ਲਈ ਕੈਸ਼ ਜਮਾਂ ਕਰਵਾਉਣ ਦੀ ਲਿਮਟ ਨੂੰ 10000 ਤੋਂ ਵਧਾ ਕੇ 50000 ਕਰਵਾ ਦਿੱਤਾ ਗਿਆ।


Gurminder Singh

Content Editor

Related News