ਕਿਸਾਨ ਜਗਮੋਹਣ ਸਿੰਘ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਕਰਕੇ ਹੋਰਨਾਂ ਲਈ ਬਣਿਆ ਮਿਸਾਲ
Friday, Nov 10, 2023 - 02:21 PM (IST)
ਮੋਗਾ (ਗੋਪੀ ਰਾਊਕੇ) : ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ’ਤੇ ਜਿੱਥੇ ਮਨੁੱਖੀ ਸਿਹਤ ਨੂੰ ਕਈ ਬੀਮਾਰੀਆਂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਉੱਥੇ ਹੀ ਇਸ ਦਾ ਮਾੜਾ ਪ੍ਰਭਾਵ ਵਾਤਾਵਰਣ ਅਤੇ ਖੇਤ ਦੀ ਮਿੱਟੀ ਉੱਪਰ ਵੀ ਪੈਂਦਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਖੇਤੀਬਾੜੀ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ਆਤਮਾ), ਜ਼ਿਲ੍ਹਾ ਮੋਗਾ ਦੀ ਸਹਾਇਤਾ ਨਾਲ ਪਿੰਡ ਜੈ ਸਿੰਘ ਵਾਲਾ ਦਾ ਕਿਸਾਨ ਜਗਮੋਹਣ ਸਿੰਘ ਪਿਛਲੇ 14 ਸਾਲਾਂ ਤੋਂ 65 ਏਕੜ (33 ਏਕੜ ਮਾਲਕੀ ਅਤੇ 32 ਏਕੜ ਠੇਕੇ ਤੇ) ਵਿਚ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਕਰਨ ਕਰ ਕੇ ਹੋਰਨਾਂ ਕਿਸਾਨਾਂ ਲਈ ਮਿਸਾਲ ਬਣਿਆ ਹੋਇਆ ਹੈ। ਜਗਮੋਹਣ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਵਾਤਾਵਰਣ ਦੀ ਸ਼ੁੱਧਤਾ ਦੀ ਅਹਿਮੀਅਤ ਨੂੰ ਸਮਝਦਿਆਂ 14 ਸਾਲ ਪਹਿਲਾਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣੀ ਬਿਲਕੁਲ ਬੰਦ ਕਰ ਦਿੱਤੀ ਸੀ। ਉਸ ਤੋਂ ਬਾਅਦ ਹਰ ਸਾਲ ਉਹ ਝੋਨੇ ਦੀ ਕੰਬਾਈਨ ਨਾਲ ਕਟਾਈ ਕਰਨ ਮਗਰੋਂ ਖੁੱਲ੍ਹੀ ਪਈ ਪਰਾਲੀ ਅਤੇ ਖੜ੍ਹੇ ਕਰਚਿਆਂ ਵਿਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ। ਉਸਨੇ ਦੱਸਿਆ ਕਿ ਉਹ ਝੋਨੇ ਦੀ ਵੀ ਸਿੱਧੀ ਬਿਜਾਈ ਕਰ ਰਿਹਾ ਹੈ।
ਖੇਤ ਦੀ ਤਿਆਰੀ ਕੀਤੇ ਬਿਨਾਂ ਇਕ ਹੀ ਚੱਕਰ ਵਿਚ ਕਣਕ ਦੀ ਬਿਜਾਈ ਕਰਨ ਨਾਲ ਪ੍ਰਤੀ ਹੈਕਟੇਅਰ ਤਕਰੀਬਨ 20 ਲੀਟਰ ਡੀਜ਼ਲ ਵੀ ਬਚਾਇਆ ਜਾ ਸਕਦਾ ਹੈ ਅਤੇ ਇਸ ਨਾਲ ਇਕ ਰੌਣੀ ਵਾਲਾ ਪਾਣੀ ਵੀ ਬਚਾਇਆ ਜਾ ਸਕਦਾ ਹੈ। ਹੈਪੀ ਸੀਡਰ ਨਾਲ ਬਿਜਾਈ ਕਰਨ ਨਾਲ ਕਣਕ ਦੀ ਫਸਲ ਦਾ ਸਭ ਤੋਂ ਪ੍ਰਮੁੱਖ ਨਦੀਨ ਗੁੱਲੀ ਡੰਡੇ ਦੀ ਸੰਖਿਆ 50 ਤੋਂ 70 ਫੀਸਦੀ ਤੱਕ ਘਟ ਜਾਂਦੀ ਹੈ, ਜਿਸ ਨਾਲ ਅਸੀਂ ਨਦੀਕ ਨਾਸ਼ਕਾਂ ਉੱਤੇ ਹੋਣ ਵਾਲਾ ਖਰਚਾ ਵੀ ਘਟਾ ਸਕਦੇ ਹਾਂ। ਉਸ ਦਾ ਕਹਿਣਾ ਹੈ ਕਿ ਖਾਦਾਂ ਦੀ ਮਾਤਰਾ ਹਰ ਸਾਲ ਘਟ ਰਹੀ ਹੈ ਅਤੇ ਕਾਸ਼ਤਕਾਰੀ ਖਰਚੇ ਘਟੇ ਹਨ। ਉਸ ਦੇ ਅਨੁਸਾਰ ਹੈਪੀ ਸੀਡਰ ਨਾਲ ਬਿਜਾਈ ਕਰਨ ਅਤੇ ਰਵਾਇਤੀ ਤਰੀਕੇ ਨਾਲ ਬੀਜੀ ਕਣਕ ਨਾਲੋਂ 50 ਕਿੱਲੋ ਪ੍ਰਤੀ ਏਕੜ ਯੂਰੀਆ ਘੱਟ ਲੱਗਦਾ ਹੈ ਅਤੇ 50 ਕਿੱਲੋ ਪ੍ਰਤੀ ਏਕੜ ਡੀ. ਏ. ਪੀ. ਦੀ ਮੁੱਢਲੀ ਮਾਤਰਾ ਦੀ ਲੋੜ ਪੈਂਦੀ ਹੈ।
ਪਰਾਲੀ ਦੇ ਜ਼ਮੀਨ ਦੀ ਸਤ੍ਹਾ ’ਤੇ ਰੱਖਣ ਦੇ ਬਹੁਤ ਸਾਰੇ ਫਾਇਦੇ ਹਨ ਜਿਵੇਂ ਕਿ ਮਿੱਟੀ ਦੀ ਨਮੀ ਬਰਕਰਾਰ ਰਹਿੰਦੀ ਹੈ ਅਤੇ ਮਿੱਟੀ ਦੀ ਪਾਣੀ ਸੰਭਾਲਣ ਦੀ ਸਮਰੱਥਾ ਵੀ 5 ਤੋਂ 10 ਫੀਸਦੀ ਵਧ ਜਾਂਦੀ ਹੈ ਹੈਪੀ ਸੀਡਰ ਨਾਲ ਬਿਜਾਈ ਕਰਨ ਨਾਲ ਜ਼ਮੀਨ ਪੋਲੀ ਹੋ ਜਾਂਦੀ ਹੈ ਅਤੇ ਕਣਕ ਦਾ ਫੁਟਾਰਾ ਆਸਾਨੀ ਨਾਲ ਹੁੰਦਾ ਹੈ। ਕੰਬਾਈਨ ਨਾਲ ਪਰਾਲੀ ਖਿਲਾਰਨ ਵਾਲੇ ਯੰਤਰ ਸੁਪਰ ਐੱਸ. ਐੱਮ. ਐੱਸ. ਦੇ ਲਗਾਏ ਜਾਣ ਨਾਲ ਮੁੱਢ ਕੱਟਣ ਅਤੇ ਖਿਲਾਰਨ ਵਾਲੀ ਮਸ਼ੀਨ ਪੀ. ਏ. ਯੂ. ਸਟਰਾਅ ਕਰਟਰ-ਕਮ-ਸਪਰੈਡਰ ਦੇ ਆਉਣ ਨਾਲ ਇਹ ਕੰਮ ਹੋਰ ਵੀ ਆਸਾਨ ਹੋ ਗਿਆ ਹੈ। ਕਿਸਾਨ ਜਗਮੋਹਣ ਸਿੰਘ ਨੇ ਜ਼ਿਲੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦੇ ਪੰਜਾਬ ਸੂਬੇ ਨੂੰ ਜ਼ੀਰੋ ਸਟਬਲ ਬਰਨਿੰਗ ਸੂਬਾ ਬਣਾਉਣ ਵਿਚ ਯੋਗਦਾਨ ਪਾਉਣ।