ਉਪਜਾਊ ਜ਼ਮੀਨਾਂ ਨੂੰ ਲੱਗਣ ਲੱਗੀ ਸਤਲੁਜ ਦਰਿਆ ਦੀ ਢਾਹ, ਕਿਸਾਨ ਖ਼ੌਫ਼ ’ਚ

Friday, Jun 12, 2020 - 10:02 AM (IST)

ਧਰਮਕੋਟ (ਅਕਾਲੀਆਂ ਵਾਲਾ) : ਪਿਛਲੇ ਸਾਲ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਅਜੇ ਕਿਸਾਨਾਂ ਨੂੰ ਨਹੀਂ ਮਿਲੀ ਪਰ ਪਿੰਡ ਭੈਣੀ ਦੇ ਕਿਸਾਨ ਸਤਲੁਜ ਦਰਿਆ ਵੱਲੋਂ ਢਾਹੀ ਜਾ ਰਹੀ ਜ਼ਮੀਨ ਤੋਂ ਖ਼ੌਫ਼ ’ਚ ਹਨ। ਪ੍ਰਭਾਵਿਤ ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਸਤਲੁਜ ਦਰਿਆ ਦੇ ਪਾਣੀ ਦਾ ਵਹਾਅ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਢਾਹ ਲਾ ਰਿਹਾ ਹੈ, ਉਸ ਨਾਲ ਉਨ੍ਹਾਂ ਦੀਆਂ ਭਵਿੱਖ ਦੀਆਂ ਚਿੰਤਾਵਾਂ ਵੱਧ ਰਹੀਆਂ ਹਨ। ਜੇਕਰ ਪੰਜਾਬ ਸਰਕਾਰ ਨੇ ਸਤਲੁਜ ਦੇ ਪਾਣੀ ਦੇ ਵਹਾਅ ਨੂੰ ਨਾ ਰੋਕਿਆ ਤਾਂ ਉਨ੍ਹਾਂ ਦੀਆਂ ਜ਼ਮੀਨਾਂ ਸਤਲੁਜ ਦੀ ਭੇਟ ਚੜ੍ਹ ਜਾਣਗੀਆਂ, ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਹੀ ਲੱਗ ਰਹੀ ਢਾਹ ਨੂੰ ਪੱਥਰ ਦੀ ਨੋਚ ਲਾ ਕੇ ਰੋਕਿਆ ਜਾਵੇ।
ਅਧੂਰੇ ਮੁਆਵਜ਼ੇ ਤੋਂ ਖ਼ਫ਼ਾ ਹਨ ਹੜ੍ਹ ਪੀੜਤ ਕਿਸਾਨ
ਬੇਸ਼ੱਕ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਹੜ੍ਹਾਂ ਨਾਲ ਨੁਕਸਾਨੀਆਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੇ ਅੰਦਰ ਵਾਲੀਆਂ ਫ਼ਸਲਾਂ ਦਾ ਮੁਆਵਜ਼ਾ ਜਾਰੀ ਤਾਂ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਕੀਤੀ ਗਈ ਰਾਸ਼ੀ ਕਿਸਾਨਾਂ ਦੇ ਖਾਤਿਆਂ 'ਚ ਆਉਣੀ ਸ਼ੁਰੂ ਹੋ ਗਈ ਹੈ, ਜਦੋਂ ਕਿਸਾਨਾਂ ਨੂੰ ਸਿਰਫ਼ ਪੰਜ ਏਕੜ ਤੱਕ ਹੀ ਮੁਆਵਜ਼ਾ ਰਾਸ਼ੀ ਮਿਲੀ ਤਾਂ ਪ੍ਰਭਾਵਿਤ ਕਿਸਾਨਾਂ ਦਾ ਰੋਸ ਸਰਕਾਰ 'ਤੇ ਪ੍ਰਗਟ ਹੋਣ ਲੱਗਾ ਹੈ, ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਸੂਬਾਈ ਸਕੱਤਰ ਜੋਗਿੰਦਰ ਸਿੰਘ ਪੱਪੂ ਕਾਹਨੇ ਵਾਲਾ ਨੇ ਕਿਹਾ ਕਿ ਇਕ ਤਾਂ ਸਿਰਫ਼ ਕਿਸਾਨਾਂ ਨੂੰ ਪੰਜ ਏਕੜ ਤੱਕ ਹੀ ਮੁਆਵਜ਼ਾ ਜਾਰੀ ਕੀਤਾ ਗਿਆ ਹੈ, ਦੂਜੇ ਪਾਸੇ ਜੰਗਲਾਤ ਵਿਭਾਗ ਅਤੇ ਸੈਂਟਰ ਗੌਰਮਿੰਟ ਦੀਆਂ ਜ਼ਮੀਨਾਂ ਜਿਨ੍ਹਾਂ ’ਤੇ ਕਾਸ਼ਤਕਾਰ ਕਿਸਾਨਾਂ ਦੀ ਸੀ, ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਨਹੀਂ ਕੀਤੀ ਗਈ, ਜਦੋਂ ਕਿ ਗਿਰਦਾਵਰੀ ਮੁਤਾਬਕ ਕਿਸਾਨਾਂ ਦਾ ਹੱਕ ਬਣਦਾ ਹੈ। ਪਿੰਡ ਭੈਣੀ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਭੈਣੀ ਨੇ ਕਿਹਾ ਕਿ ਜਦੋਂ ਬਾਦਲ ਸਰਕਾਰ ਸੱਤਾ 'ਚ ਸੀ ਤਾਂ ਅਜਿਹਾ ਕੁਝ ਕਿਸਾਨਾਂ ਨੂੰ ਮਹਿਸੂਸ ਨਹੀਂ ਹੁੰਦਾ ਸੀ, ਉਨ੍ਹਾਂ ਨੂੰ ਪੂਰੀ ਜ਼ਮੀਨ ’ਤੇ ਮੁਆਵਜ਼ਾ ਹੋਏ ਨੁਕਸਾਨ ਮੁਤਾਬਕ ਤੋਂ ਮਿਲਦਾ ਸੀ, ਜਦੋਂ ਕਿ ਪੰਜਾਬ ਸਰਕਾਰ ਨੇ ਪੰਜ ਏਕੜ ਤੱਕ ਹੀ ਸ਼ਰਤ ਰੱਖ ਦਿੱਤੀ ਹੈ।
 


Babita

Content Editor

Related News