ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮੱਲ੍ਹਾ ’ਚ ਕਿਸਾਨ ਦੇ ਘਰ ਐੱਨ.ਆਈ.ਏ. ਦੀ ਟੀਮ ਨੇ ਮਾਰਿਆ ਛਾਪਾ

Tuesday, Mar 12, 2024 - 05:07 PM (IST)

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮੱਲ੍ਹਾ ’ਚ ਕਿਸਾਨ ਦੇ ਘਰ ਐੱਨ.ਆਈ.ਏ. ਦੀ ਟੀਮ ਨੇ ਮਾਰਿਆ ਛਾਪਾ

ਹਠੂਰ (ਸਰਬਜੀਤ ਭੱਟੀ) : ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮੱਲ੍ਹਾ ਵਿਖੇ ਅੱਜ ਸਵੇਰੇ ਤੜਕਸਾਰ ਇਕ ਕਿਸਾਨ ਪਰਿਵਾਰ ਦੇ ਘਰ ਐੱਨ.ਆਈ.ਏ. ਵਲੋਂ ਛਾਪੇਮਾਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਦਕਿ ਸਬੰਧਤ ਅਧਿਕਾਰੀਆਂ ਵਲੋਂ ਪ੍ਰੈੱਸ ਤੋਂ ਦੂਰੀ ਬਣਾ ਕੇ ਰੱਖੀ ਕਾਰਨ ਕੋਈ ਠੋਸ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਕਰੀਬ ਦੁਪਹਿਰ 12 ਕੁ ਵਜੇ ਐੱਨ.ਆਈ.ਏ. ਦੀ ਟੀਮ ਦੇ ਜਾਣ ਤੋਂ ਬਾਅਦ ਪਿੰਡ ਮੱਲ੍ਹਾ ਦੇ ਨੌਜਵਾਨ ਬਲਤੇਜ ਸਿੰਘ ਪੁੱਤਰ ਜੁਗਰਾਜ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅੱਜ ਤੜਕਸਾਰ ਉਸਦੇ ਘਰ ਐੱਨ.ਆਈ. ਏ. ਦੀ ਟੀਮ ਨੇ ਛਾਪਾ ਮਾਰਿਆ, ਜੋ ਕਿ ਉਸ ਵਲੋਂ ਗੁਆਂਢੀ ਪਿੰਡ ਦੇ ਵਿਦੇਸ਼ ਰਹਿੰਦੇ ਇਕ ਨੌਜਵਾਨ ਨਾਲ ਹੋਈ ਫੋਨ ਕਾਲ ਨਾਲ ਸਬੰਧਤ ਹੈ।

ਇਸ ਦੇ ਸ਼ੱਕ ਵਜੋਂ ਅੱਜ ਅਧਿਕਾਰੀਆਂ ਵਲੋਂ ਉਸ ਨਾਲ ਤੇ ਉਸਦੇ ਪਰਿਵਾਰ ਨਾਲ ਗੱਲਬਾਤ ਕਰਕੇ ਲਗਭਗ 4-5 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਅਤੇ ਐੱਨ.ਆਈ.ਏ. ਵੱਲੋਂ ਪਰਿਵਾਰ ਨੂੰ 21 ਮਾਰਚ ਨੂੰ ਚੰਡੀਗੜ੍ਹ ਵੀ ਬੁਲਾਇਆ ਗਿਆ ਹੈ। ਇਸ ਸਬੰਧੀ ਪਿੰਡ ਮੱਲ੍ਹਾ ਦੇ ਸਰਪੰਚ ਹਰਬੰਸ ਸਿੰਘ ਨੇ ਦੱਸਿਆ ਜੁਗਰਾਜ ਸਿੰਘ ਦਾ ਪਰਿਵਾਰ ਮਿਹਨਤੀ ਪਰਿਵਾਰ ਹੈ ਅਤੇ ਉਸਦਾ ਲੜਕਾ ਬਲਤੇਜ ਸਿੰਘ ਸਰਵਿਸ ਸਟੇਸ਼ਨ ਚਲਾਉਂਦਾ ਹੈ। ਉਨ੍ਹਾਂ ਇਸ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕੀਤਾ।


author

Gurminder Singh

Content Editor

Related News