ਪੰਜਾਬ ਭਰ ''ਚ ਕਿਸਾਨਾਂ ਨੇ ਜੀ. ਐੱਸ. ਟੀ. ਦੇ ਪੁਤਲੇ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
Friday, Jul 14, 2017 - 06:04 AM (IST)

ਸਮਰਾਲਾ (ਗਰਗ/ਬੰਗੜ) - ਕੇਂਦਰ ਸਰਕਾਰ ਵੱਲੋਂ ਖੇਤੀ ਪੈਦਾਵਾਰ 'ਚ ਵਰਤੀਆਂ ਜਾਂਦੀਆਂ ਖਾਦਾਂ ਅਤੇ ਕੀੜੇਮਾਰ ਦਵਾਈਆਂ ਸਮੇਤ ਖੇਤੀ ਮਸ਼ੀਨਰੀ 'ਤੇ 5 ਫੀਸਦੀ ਤੋਂ 28 ਫੀਸਦੀ ਤੱਕ ਦੇ ਲਗਾਏ ਗਏ ਜੀ. ਐੱਸ. ਟੀ. ਦੇ ਵਿਰੋਧ 'ਚ ਅੱਜ ਪੰਜਾਬ ਭਰ ਦੇ ਕਿਸਾਨਾਂ ਨੇ ਬੀ. ਕੇ. ਯੂ. ਰਾਜੇਵਾਲ ਅਤੇ ਬੀ. ਕੇ. ਯੂ. ਲੱਖੋਵਾਲ ਦੀ ਅਗਵਾਈ ਹੇਠ ਸੂਬੇ ਦੇ ਸਮੂਹ ਜ਼ਿਲਿਆਂ ਅਤੇ ਤਹਿਸੀਲ ਪੱਧਰ 'ਤੇ ਜੀ. ਐੱਸ. ਟੀ. ਦੇ ਪੁਤਲੇ ਫੂਕਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਰੋਸ ਮੁਜ਼ਾਹਰੇ ਕੀਤੇ। ਸਮਰਾਲਾ ਵਿਖੇ ਸੂਬਾ ਪੱਧਰੀ ਰੋਸ ਵਿਖਾਵੇ ਦੀ ਅਗਵਾਈ ਕਰਦਿਆਂ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਅਤੇ ਹਰਿੰਦਰ ਸਿੰਘ ਲੱਖੋਵਾਲ ਨੇ ਐਲਾਨ ਕੀਤਾ ਕਿ ਜੇਕਰ ਕਿਸਾਨਾਂ 'ਤੇ ਲਾਇਆ ਜੀ. ਐੱਸ. ਟੀ. ਵਾਪਸ ਨਾ ਲਿਆ ਗਿਆ ਤਾਂ ਕਿਸਾਨ ਅਗਲੀਆਂ ਫ਼ਸਲਾਂ ਦੀ ਬਿਜਾਈ ਤੋਂ ਅਸਮਰੱਥ ਹੋ ਜਾਣਗੇ, ਜਿਸ ਨਾਲ ਪੂਰੇ ਦੇਸ਼ 'ਚ ਅੰਨ ਸੰਕਟ ਪੈਦਾ ਹੋ ਜਾਵੇਗਾ।
ਅੱਜ ਇੱਥੇ ਸੈਂਕੜੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਬੀ. ਕੇ. ਯੂ. ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦੇਸ਼ ਦੀ ਕਿਸਾਨੀ ਦਾ ਭਵਿੱਖ ਬਹੁਤ ਵੱਡੇ ਖਤਰੇ 'ਚ ਪੈ ਗਿਆ ਹੈ ਅਤੇ ਜੀ. ਐੱਸ. ਟੀ. ਲੱਗਣ ਨਾਲ ਇਕੱਲੇ ਪੰਜਾਬ ਦੇ ਕਿਸਾਨਾਂ ਨੂੰ 750 ਕਰੋੜ ਰੁਪਏ ਦੀ ਵਾਧੂ ਮਾਰ ਝੱਲਣੀ ਪਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ 12 ਲੱਖ 80 ਹਜ਼ਾਰ ਕਰੋੜ ਰੁਪਏ ਦੇ ਕਰਜ਼ਿਆਂ ਹੇਠ ਦੱਬਿਆ ਦੇਸ਼ ਦਾ ਕਿਸਾਨ ਜੀ. ਐੱਸ. ਟੀ. ਦੇ ਬੋਝ ਨਾਲ ਹੋਰ ਮਰ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣ ਚੁੱਕੇ ਹਨ ਅਤੇ ਇਨ੍ਹਾਂ ਘਰਾਣਿਆਂ ਨੂੰ ਹੀ ਸਾਰਾ ਧਨ ਲੁਟਾਇਆ ਜਾ ਰਿਹਾ ਹੈ। ਕਿਸਾਨੀ ਕਰਜ਼ਿਆਂ ਨੂੰ ਮਾਫ਼ ਕਰਨ ਦੀ ਬਜਾਏ ਮੋਦੀ ਸਰਕਾਰ ਨੇ ਤਿੰਨ ਸਾਲ 'ਚ 17 ਲੱਖ 20 ਹਜ਼ਾਰ ਕਰੋੜ ਰੁਪਏ ਦੀਆਂ ਟੈਕਸ ਰਿਆਇਤਾਂ ਕਾਰਪੋਰੇਟ ਘਰਾਣਿਆਂ ਨੂੰ ਦਿੱਤੀਆਂ ਹਨ। ਰਾਜੇਵਾਲ ਨੇ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਐਲਾਨ ਨੂੰ ਰਾਜਨੀਤਿਕ ਡਰਾਮਾ ਦੱਸਦਿਆ ਕਿਹਾ ਕਿ ਸੂਬੇ ਦੇ ਕਿਸਾਨਾਂ ਸਿਰ 80 ਹਜ਼ਾਰ ਕਰੋੜ ਦੇ ਸਰਕਾਰੀ ਕਰਜ਼ਿਆਂ ਤੋਂ ਇਲਾਵਾ 45 ਹਜ਼ਾਰ ਕਰੋੜ ਰੁਪਏ ਦਾ ਆੜ੍ਹਤੀਆਂ ਕੋਲੋਂ ਲਿਆ ਕਰਜ਼ਾ ਮੂੰਹ ਅੱਡੀ ਖੜ੍ਹਾ ਹੈ, ਪਰ ਕੈਪਟਨ ਸਰਕਾਰ ਕਿਸਾਨੀ ਕਰਜ਼ਾ ਮੁਆਫ਼ੀ ਲਈ ਸਿਰਫ 1500 ਕਰੋੜ ਦਾ ਫੰਡ ਰੱਖਣ ਦੀ ਤਜਵੀਜ਼ ਘੜ ਰਹੀ ਹੈ।
ਇਸ ਤੋਂ ਪਹਿਲਾਂ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬੀ. ਕੇ. ਯੂ. ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਸਮੇਤ ਪੈਟਰੋਲ ਅਤੇ ਡੀਜ਼ਲ ਨੂੰ ਵੀ ਜੀ. ਐੱਸ. ਟੀ. ਦੇ ਘੇਰੇ 'ਚ ਲਿਆਉਣ ਦੀ ਮੰਗ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਲੁੱਟ ਬੰਦ ਕਰ ਕੇ ਐੱਨ. ਪੀ. ਏ. ਦੇ ਨਾਂ 'ਤੇ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮਾਫ਼ ਕਰਨੇ ਬੰਦ ਕਰ ਕੇ ਕਿਸਾਨਾਂ ਦੇ ਕਰਜ਼ਿਆਂ 'ਤੇ ਤੁਰੰਤ ਲਕੀਰ ਮਾਰੇ। ਉਨ੍ਹਾਂ ਕਿਹਾ ਕਿ ਕਿਸਾਨ ਜੀ. ਐੱਸ. ਟੀ. ਦਾ ਬੋਝ ਝੱਲਣ ਤੋਂ ਅਸਮਰੱਥ ਹੈ, ਇਸ ਲਈ ਸਰਕਾਰ ਖੇਤੀ ਸੈਕਟਰ 'ਤੇ ਲਾਇਆ ਜੀ. ਐੱਸ. ਟੀ. ਫੌਰਨ ਵਾਪਸ ਲਵੇ।
ਇਸ ਮੌਕੇ ਦੋਵੇਂ ਕਿਸਾਨ ਯੂਨੀਅਨਾਂ ਦੇ ਆਗੂਆਂ ਰਾਜੇਵਾਲ ਅਤੇ ਲੱਖੋਵਾਲ ਦੀ ਅਗਵਾਈ 'ਚ ਸੈਂਕੜੇ ਕਿਸਾਨਾਂ ਨੇ ਸ਼ਹਿਰ 'ਚ ਰੋਸ ਮਾਰਚ ਕਰਨ ਉਪਰੰਤ ਐੱਸ. ਡੀ. ਐੱਮ. ਸਮਰਾਲਾ ਰਾਹੀਂ ਪ੍ਰਧਾਨ ਮੰਤਰੀ ਦੇ ਨਾਂ ਆਪਣਾ ਮੈਮੋਰੰਡਮ ਵੀ ਦਿੱਤਾ। ਅੱਜ ਦੇ ਇਸ ਰੋਸ ਪ੍ਰਦਰਸ਼ਨ ਦੌਰਾਨ ਹੋਰਨਾਂ ਤੋਂ ਇਲਾਵਾ ਆਲਮਦੀਪ ਸਿੰਘ ਮੱਲਮਾਜਰਾ, ਸੁਖਵਿੰਦਰ ਸਿੰਘ ਮਾਛੀਵਾੜਾ, ਮੁਖਤਿਆਰ ਸਿੰਘ ਸਰਵਰਪੁਰ, ਕੁਲਵਿੰਦਰ ਸਿੰਘ ਸਰਵਰਪੁਰ, ਸ਼ੇਰ ਸਿੰਘ ਮੁਸ਼ਕਾਬਾਦ, ਅਮਰੀਕ ਸਿੰਘ, ਪਰਮਿੰਦਰ ਸਿੰਘ ਪਾਲਮਾਜਰਾ, ਅਵਤਾਰ ਸਿੰਘ, ਜਗਦੇਵ ਸਿੰਘ, ਜਸਵਿੰਦਰ ਸਿੰਘ ਅਤੇ ਕਰਮ ਸਿੰਘ ਆਦਿ ਹਾਜ਼ਰ ਸਨ।