ਕਰਜ਼ੇ ਤੇ ਫਸਲ ਖਰਾਬ ਹੋਣ ਤੋਂ ਦੁਖੀ ਕਿਸਾਨ ਵੱਲੋਂ ਖੁਦਕੁਸ਼ੀ
Friday, Sep 29, 2017 - 07:30 AM (IST)
ਬਾਲਿਆਂਵਾਲੀ (ਸ਼ੇਖਰ) - ਨੇੜਲੇ ਪਿੰਡ ਰਾਮਨਿਵਾਸ ਵਿਖੇ ਕਰਜ਼ੇ ਤੇ ਫਸਲ ਖਰਾਬ ਹੋਣ ਤੋਂ ਦੁਖੀ ਹੋਏ ਇਕ ਕਿਸਾਨ ਵੱਲੋਂ ਸਪ੍ਰੇਅ ਪੀ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਨੈਬ ਸਿੰਘ ਪੁੱਤਰ ਮਹਿੰਦਰ ਸਿੰਘ ਜੱਟ ਸਿੱਖ ਵਾਸੀ ਰਾਮਨਿਵਾਸ (40) ਨੇ ਬੀਤੀ ਸ਼ਾਮ 5 ਵਜੇ ਖੇਤੋਂ ਘਰ ਆ ਕੇ ਇਹ ਕਹਿੰਦਿਆਂ ਸਪ੍ਰੇਅ ਪੀ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਕਿ ਇਸ ਵਾਰ ਝੋਨਾ ਬਹੁਤ ਮਾੜਾ ਹੋਇਆ ਹੈ ਤੇ ਹੁਣ ਉਹ ਕੀ ਕਰੇਗਾ । ਉਸ ਦੇ ਸਪ੍ਰੇਅ ਪੀਣ ਉਪਰੰਤ ਉਸ ਨੂੰ ਗੋਨਿਆਣਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਰਾਤ 2 ਵਜੇ ਉਸ ਦੀ ਮੌਤ ਹੋ ਗਈ ਤੇ ਬਾਅਦ 'ਚ ਮ੍ਰਿਤਕ ਦੇਹ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਦਾ ਪੋਸਟਮਾਰਟਮ ਕੀਤਾ ਗਿਆ। ਗੁਰਨੈਬ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਸ ਦੇ ਤਿੰਨ ਬੱਚੇ ਹਨ। ਵੱਡੀਆਂ ਕੁੜੀਆਂ ਦੀ ਉਮਰ 16 ਤੇ 13 ਸਾਲ ਅਤੇ ਲੜਕੇ ਦੀ ਉਮਰ 10 ਸਾਲ ਹੈ। ਉਕਤ ਕਿਸਾਨ 'ਤੇ ਕੋਆਪ੍ਰੇਟਿਵ ਬੈਂਕ, ਪਿੰਡ ਦੀ ਸੁਸਾਇਟੀ ਅਤੇ ਮੌੜ ਦੇ ਬੈਂਕਾਂ ਦਾ ਕੁੱਲ 12-13 ਲੱਖ ਰੁਪਏ ਕਰਜ਼ਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਥਾਣਾ ਬਾਲਿਆਂਵਾਲੀ ਦੇ ਐੱਸ. ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਲਾਸ਼ ਵਾਰਿਸਾਂ ਹਵਾਲੇ ਕਰ ਕੇ 174 ਦੀ ਕਾਰਵਾਈ ਕੀਤੀ ਗਈ ਹੈ।
