ਕਰਜ਼ੇ ਤੋਂ ਸਤਾਏ ਕਿਸਾਨ ਨੇ ਕੀਤੀ ਖੁਦਕੁਸ਼ੀ
Thursday, Mar 15, 2018 - 07:26 AM (IST)

ਲੋਪੋਕੇ (ਸਤਨਾਮ) - ਪਿੰਡ ਵੈਰੋਕੇ ਵਿਖੇ ਕਰਜ਼ੇ ਤੋਂ ਸਤਾਏ ਕਿਸਾਨ ਨੇ ਕਣਕ ਵਾਲੀ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਕਿਸਾਨ ਆਗੂ ਬੀਬੀ ਬਲਵਿੰਦਰ ਕੌਰ ਵੈਰੋਕੇ ਤੇ ਸਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਜਸਪਾਲ ਸਿੰਘ ਕਰੀਬ 1 ਕਨਾਲ ਜ਼ਮੀਨ ਹੋਣ ਕਾਰਨ ਘਰ ਦਾ ਬੜੀ ਮੁਸ਼ਕਲ ਨਾਲ ਗੁਜ਼ਾਰਾ ਚਲਾ ਰਿਹਾ ਸੀ। ਜ਼ਮੀਨ ਘੱਟ ਹੋਣ ਕਾਰਨ ਉਸ ਦੇ ਸਿਰ 4-5 ਲੱਖ ਦਾ ਕਰਜ਼ਾ ਸੀ, ਜਿਸ ਕਾਰਨ ਉਹ ਪਹਿਲਾਂ ਹੀ ਪ੍ਰੇਸ਼ਾਨ ਸੀ, ਉਪਰੋਂ ਜਵਾਨ ਧੀ ਦੇ ਵਿਆਹ ਦੀ ਜ਼ਿੰਮੇਵਾਰੀ ਜਸਪਾਲ ਸਿੰਘ ਦੇ ਮੋਢਿਆਂ 'ਤੇ ਸੀ। ਬੀਤੀ ਦੁਪਹਿਰ ਜਸਪਾਲ ਸਿੰਘ ਨੇ ਘਰ 'ਚ ਪਈ ਕਣਕ ਨੂੰ ਪਾਉਣ ਵਾਲੀ ਦਵਾਈ ਪੀ ਲਈ, ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਹ ਹਸਪਤਾਲ ਜਾਣ ਤੋਂ ਪਹਿਲਾਂ ਹੀ ਦਮ ਤੋੜ ਗਿਆ।