ਕਰਜ਼ੇ ਤੋਂ ਤੰਗ ਕਿਸਾਨ ਨੇ ਕੀਤੀ ਆਤਮਹੱਤਿਆ

Monday, Mar 05, 2018 - 07:12 AM (IST)

ਕਰਜ਼ੇ ਤੋਂ ਤੰਗ ਕਿਸਾਨ ਨੇ ਕੀਤੀ ਆਤਮਹੱਤਿਆ

ਫ਼ਤਿਹਗੜ੍ਹ ਸਾਹਿਬ (ਜੱਜੀ, ਜਗਦੇਵ, ਬਖਸ਼ੀ) - ਨਜ਼ਦੀਕੀ ਪਿੰਡ ਮਕਾਰੋਂਪੁਰ ਦੇ ਇਕ ਨੌਜਵਾਨ ਕਿਸਾਨ ਵੱਲੋਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ (36) ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਮੁਕਾਰੋਂਪੁਰ ਵਜੋਂ ਹੋਈ ਹੈ, ਜਿਸ ਦੇ ਸਿਰ ਕਰੀਬ 20 ਲੱਖ ਰੁਪਏ ਦਾ ਕਰਜ਼ਾ ਸੀ। ਗੁਰਨਾਮ ਸਿੰਘ ਵਾਸੀ ਪਿੰਡ ਮੁਕਾਰੋਂਪੁਰ ਨੇ ਦੱਸਿਆ ਕਿ ਉਸ ਦੇ 2 ਪੁੱਤਰ ਸੁਖਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਹਨ। ਉਸ ਦੇ ਕੋਲ 6 ਏਕੜ ਜ਼ਮੀਨ ਸੀ ਅਤੇ ਲੱਖਾਂ ਰੁਪਏ ਦਾ ਕਰਜ਼ਾ ਸੀ, ਜਿਸ ਕਰਕੇ ਉਸ ਦਾ ਵੱਡਾ ਪੁੱਤਰ ਸੁਖਵਿੰਦਰ ਸਿੰਘ ਕਈ ਸਾਲ ਵਿਦੇਸ਼ ਵਿਚ ਰਿਹਾ ਅਤੇ ਕਰਜ਼ਾ ਫਿਰ ਵੀ ਨਾ ਉਤਰਿਆ। ਫਿਰ ਸੁਖਵਿੰਦਰ ਸਿੰਘ ਨੇ ਇਸ ਵਿਚੋਂ ਕੁਝ ਜ਼ਮੀਨ ਵੇਚ ਕੇ ਕਰੀਬ 10 ਲੱਖ ਰੁਪਏ ਕਰਜ਼ਾ ਉਤਾਰ ਦਿੱਤਾ। ਉਸ ਤੋਂ ਬਾਅਦ ਵੀ ਹਾਲੇ ਕਰੀਬ 20 ਲੱਖ ਰੁਪਏ ਦਾ ਕਰਜ਼ਾ ਉਸ ਉਪਰ ਰਹਿੰਦਾ ਸੀ। ਸੁਖਵਿੰਦਰ ਸਿੰਘ ਨੇ ਦੁੱਧ ਪਾਉਣ ਦਾ ਕੰਮ ਵੀ ਕੀਤਾ ਪਰ ਕਰਜ਼ਾ ਨਹੀਂ ਉਤਰਿਆ। ਉਸ ਨੇ 15 ਲੱਖ ਰੁਪਏ ਐਕਸਿਸ ਬੈਂਕ ਮੋਹਾਲੀ, 2 ਲੱਖ ਰੁਪਏ ਦਾ ਕਰਜ਼ਾ ਕੋਆਪ੍ਰੇਟਿਵ ਬੈਂਕ ਬਡਾਲੀ ਆਲਾ ਸਿੰਘ ਅਤੇ 2 ਲੱਖ ਰੁਪਏ ਆੜ੍ਹਤੀ ਤੋਂ ਕਰਜ਼ਾ ਲਿਆ ਸੀ। ਜਿਸ ਕਰ ਕੇ ਸੁਖਵਿੰਦਰ ਸਿੰਘ ਪ੍ਰੇਸ਼ਾਨ ਰਹਿੰਦਾ ਸੀ।
ਕਰਜ਼ੇ ਤੋਂ ਤੰਗ ਆ ਕੇ ਸੁਖਵਿੰਦਰ ਸਿੰਘ ਬੀਤੀ 24 ਫਰਵਰੀ ਨੂੰ ਘਰ ਤੋਂ ਆਲਟੋ ਕਾਰ ਵਿਚ ਸਵਾਰ ਹੋ ਕੇ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। 25 ਫਰਵਰੀ ਨੂੰ ਜਦੋਂ ਸੁਖਵਿੰਦਰ ਦੇ ਮੋਬਾਇਲ ਫੋਨ 'ਤੇ ਗੱਲ ਕਰਨ ਲਈ ਫੋਨ ਕੀਤਾ ਤਾਂ ਉਸ ਦਾ ਫੋਨ ਨਾਇਬ ਸਿੰਘ ਸਰਪੰਚ ਪਿੰਡ ਮਹਿਦੂਦਾਂ ਨੇ ਚੁੱਕਿਆ ਅਤੇ ਉਸ ਨੇ ਦੱਸਿਆ ਕਿ ਇਹ ਫੋਨ ਇਕ ਕਾਰ ਵਿਚ ਪਿਆ ਹੈ ਅਤੇ ਇਹ ਕਾਰ ਪਿੰਡ ਖਾਲਸਪੁਰ ਨੇੜੇ ਨਹਿਰ ਕੋਲ ਖੜ੍ਹੀ ਹੈ। ਉਸ ਤੋਂ ਬਾਅਦ ਉਹ ਖਾਲਸਪੁਰ ਨਹਿਰ 'ਤੇ ਪੁੱਜੇ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਬੀਤੀ ਸ਼ਾਮ ਸੁਖਵਿੰਦਰ ਸਿੰਘ ਦੀ ਲਾਸ਼ ਘਨੌਰ ਕੋਲੋਂ ਨਹਿਰ ਵਿਚੋਂ ਮਿਲੀ। ਪੁਲਸ ਨੇ ਮ੍ਰਿਤਕ ਦੇ ਪਿਤਾ ਗੁਰਨਾਮ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰ ਕੇ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।


Related News