ਕਤਲ ਕਰਨ ਮਗਰੋਂ ਰੇਲਵੇ ਟਰੈਕ 'ਤੇ ਸੁੱਟੀ ਲਾਸ਼, ਪਿੰਡ 'ਚ ਸਹਿਮ ਦਾ ਮਾਹੌਲ
Monday, May 20, 2019 - 11:45 AM (IST)

ਫਰੀਦਕੋਟ (ਜਗਤਾਰ) - ਫਰੀਦਕੋਟ ਦੇ ਪਿੰਡ ਵਾਂਦਰ ਜਟਾਣਾ 'ਚ ਬੀਤੀ ਰਾਤ ਅਣਪਛਾਤੇ ਹਮਲਾਵਰਾਂ ਵਲੋਂ ਇਕ ਨੌਜਵਾਨ ਦੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਪੂਰੇ ਪਿੰਡ 'ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ ਸੁੱਖਾ ਵਾਸੀ ਵਾਂਦਰ ਜਟਾਣਾ ਵਜੋਂ ਹੋਈ ਹੈ, ਜਿਸ ਦਾ ਕਤਲ ਕਰ ਦੇਣ ਤੋਂ ਬਾਅਦ ਲਾਸ਼ ਨੂੰ ਰੇਲਵੇ ਟਰੈਕ 'ਤੇ ਸੁੱਟ ਦਿੱਤਾ ਗਿਆ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।
ਪਤਾ ਲੱਗਾ ਹੈ ਕਿ ਰੇਲਵੇ ਮੁਲਾਜ਼ਮਾਂ ਨੇ ਅੱਧੀ ਰਾਤ ਕਰੀਬ 12:30 ਵਜੇ ਪਿੰਡ ਦੇ ਸਰਪੰਚ ਇੰਜੀ. ਜਗਜੀਤ ਸਿੰਘ ਸਹੋਤਾ ਅਤੇ ਉਸ ਦੇ ਪਿਤਾ ਦਰਸ਼ਨ ਸਿੰਘ ਸਹੋਤਾ ਮੈਂਬਰ ਜ਼ਿਲਾ ਪ੍ਰੀਸ਼ਦ ਨੂੰ ਸੂਚਿਤ ਕੀਤਾ ਕਿ ਪਿੰਡ ਦੇ ਕਿਸੇ ਨੌਜਵਾਨ ਦੀ ਲਾਸ਼ ਰੇਲਵੇ ਲਾਈਨਾਂ 'ਤੇ ਪਈ ਹੋਈ ਹੈ। ਰਾਤ ਨੂੰ ਤਾਂ ਉਕਤ ਮਾਮਲਾ ਖੁਦਕੁਸ਼ੀ ਦਾ ਹੀ ਜਾਪਿਆ ਪਰ ਜਦੋਂ ਸਵੇਰੇ ਰੇਲਵੇ ਲਾਈਨਾਂ ਦੇ ਨਾਲ ਲੱਗਦੀ ਜਗ੍ਹਾ ਉੱਪਰ ਧਿਆਨ ਨਾਲ ਦੇਖਿਆ ਗਿਆ ਕਿ ਉੱਥੇ ਖੂਨ ਡੁੱਲ੍ਹਿਆ ਹੋਇਆ ਹੈ ਅਤੇ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਕਤ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਨ ਤੋਂ ਪਹਿਲਾਂ ਉਸ ਉੱਪਰ ਤਸ਼ੱਦਦ ਵੀ ਕੀਤਾ ਗਿਆ ਹੋਵੇ।