ਸਰੀਰਕ ਸੋਸ਼ਣ ਦੀ ਸ਼ਿਕਾਰ ਡਾਕਟਰ ਆਈ ਮੀਡੀਆ ਸਾਹਮਣੇ, ਕੀਤੇ ਵੱਡੇ ਖੁਲਾਸੇ (ਵੀਡੀਓ)

11/15/2019 7:18:06 PM

ਫ਼ਰੀਦਕੋਟ (ਹਾਲੀ) - ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਸੀਨੀਅਰ ਡਾਕਟਰਾਂ 'ਤੇ ਜਿਨਸੀ ਸੋਸ਼ਣ ਦੇ ਲੱਗੇ ਦੋਸ਼ਾਂ ਦੇ ਮਾਮਲੇ 'ਚ ਪੀੜਤ ਔਰਤ ਡਾਕਟਰ ਨੇ ਇਨਸਾਫ਼ ਨਾ ਮਿਲਣ ਦਾ ਦੋਸ਼ ਲਾਇਆ ਹੈ। ਇਨਸਾਫ ਨਾ ਮਿਲਣ 'ਤੇ ਉਸ ਨੇ 16 ਨਵੰਬਰ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠਣ ਦਾ ਐਲਾਨ ਕੀਤਾ ਹੈ। ਪੀੜਤ ਔਰਤ ਡਾਕਟਰ ਨੇ ਇਕ ਦਰਜਨ ਜਨਤਕ ਜਥੇਬੰਦੀਆਂ ਦੇ ਆਗੂਆਂ ਦੇ ਸਹਿਯੋਗ ਨਾਲ ਪ੍ਰੈੱਸ ਕਾਨਫ਼ਰੰਸ ਕਰਦਿਆਂ ਦੋਸ਼ ਲਾਇਆ ਕਿ ਜਿਨਸੀ ਸੋਸ਼ਣ ਮਾਮਲੇ ਦੀ ਸੱਚਾਈ ਨੂੰ ਦਬਾਉਣ ਲਈ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ ਅਤੇ ਕਸੂਰਵਾਰ ਡਾਕਟਰ ਪ੍ਰਸ਼ਾਸਨਕ ਅਧਿਕਾਰੀਆਂ 'ਤੇ ਆਪਣਾ ਪ੍ਰਭਾਵ ਵਰਤ ਕੇ ਜਾਂਚ ਨੂੰ ਪ੍ਰਭਾਵਿਤ ਕਰ ਰਹੇ ਹਨ।

ਪੀੜਤ ਡਾਕਟਰ ਨੇ ਕਿਹਾ ਕਿ ਉਸ ਨੇ 20 ਅਗਸਤ ਨੂੰ ਜ਼ਿਲਾ ਪੁਲਸ ਮੁਖੀ ਅਤੇ ਡੀ.ਸੀ. ਨੂੰ ਜਿਨਸੀ ਸੋਸ਼ਣ ਮਾਮਲੇ ਦੀ ਲਿਖਤੀ ਸ਼ਿਕਾਇਤ ਕੀਤੀ ਸੀ। ਨਿਯਮਾਂ ਮੁਤਾਬਕ ਪੁਲਸ ਨੂੰ ਪਹਿਲਾਂ ਇਸ ਮਾਮਲੇ 'ਚ ਐੱਫ. ਆਈ. ਆਰ. ਦਰਜ ਕਰਨੀ ਚਾਹੀਦੀ ਸੀ ਤੇ ਬਾਅਦ 'ਚ ਪੜਤਾਲ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਿਆਸੀ ਦਬਾਅ ਕਾਰਨ ਪਿਛਲੇ ਤਿੰਨ ਮਹੀਨਿਆਂ ਤੋਂ ਉਸ ਦੀ ਸ਼ਿਕਾਇਤ ਨੂੰ ਪੜਤਾਲ ਦੇ ਨਾਮ 'ਤੇ ਲਮਕਾਇਆ ਹੋਇਆ ਹੈ। ਪੀੜਤ ਡਾਕਟਰ ਨੇ ਕਿਹਾ ਕਿ ਜਿਨਸੀ ਸੋਸ਼ਣ ਖਿਲਾਫ਼ ਬੋਲਣ ਵਾਲੀਆਂ ਔਰਤ ਡਾਕਟਰਾਂ ਨੂੰ ਇਨਸਾਫ਼ ਦੇਣ ਦੀ ਥਾਂ ਯੂਨੀਵਰਸਿਟੀ ਅਧਿਕਾਰੀਆਂ ਵਲੋਂ ਉਨ੍ਹਾਂ ਨਾਲ ਰੰਜਿਸ਼ ਵਾਲਾ ਰਵੱਈਆ ਅਪਣਾਇਆ ਜਾ ਰਿਹਾ ਹੈ। ਜਿਨਸੀ ਸ਼ੋਸ਼ਣ ਕਾਰਨ ਕੁਝ ਔਰਤ ਡਾਕਟਰਾਂ ਨੌਕਰੀ ਛੱਡ ਚੁੱਕੀਆਂ ਹਨ। ਡਾ. ਅਮਰ ਸਿੰਘ ਅਜ਼ਾਦ, ਲਾਲ ਸਿੰਘ ਗੋਲੇਵਾਲਾ, ਗੁਰਦਿਆਲ ਸਿੰਘ ਭੱਟੀ, ਅਸ਼ੋਕ ਕੌਸ਼ਲ, ਗੁਰਪਾਲ ਸਿੰਘ ਨੰਗਲ ਅਤੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਯੂਨੀਵਰਸਿਟੀ ਅਧਿਕਾਰੀ ਉਨ੍ਹਾਂ ਸਾਰੇ ਗਵਾਹਾਂ ਨੂੰ ਡਰਾਅ ਧਮਕਾਅ ਰਹੇ ਹਨ ਜੋ ਜਿਨਸੀ ਸੋਸ਼ਣ ਦੀਆਂ ਘਟਨਾਵਾਂ ਦੇ ਚਸ਼ਮਦੀਦ ਹਨ।

ਰਜਿੰਦਰ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਅਤੇ ਕਸੂਰਵਾਰ ਡਾਕਟਰਾਂ ਖਿਲਾਫ਼ ਕਾਨੂੰਨੀ ਕਾਰਵਾਈ ਹਰ ਹਾਲਤ 'ਚ ਕਰਵਾਈ ਜਾਵੇਗੀ। ਪੀੜਤ ਡਾਕਟਰ ਵਲੋਂ ਦਿੱਤੇ ਜਾ ਰਹੇ ਧਰਨੇ 'ਚ ਸਾਰੀਆਂ ਇਨਸਾਫ਼ ਪਸੰਦ ਧਿਰਾਂ ਸ਼ਮੂਲੀਅਤ ਕਰਨਗੀਆਂ। ਮਾਮਲੇ ਦੀ ਪੜਤਾਲ ਕਰ ਰਹੀ ਏ. ਡੀ. ਸੀ. ਪਰਮਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ 'ਚ ਯੂਨੀਵਰਸਿਟੀ ਅਧਿਕਾਰੀਆਂ ਅਤੇ ਡਾਕਟਰਾਂ ਦੇ ਬਿਆਨ ਕਲਮਬਧ ਕੀਤੇ ਹਨ ਅਤੇ ਜ਼ਰੂਰੀ ਰਿਕਾਰਡ ਨੂੰ ਕਬਜ਼ੇ 'ਚ ਲਿਆ ਹੈ ਅਤੇ ਜਲਦ ਇਸ ਸਬੰਧੀ ਰਿਪੋਰਟ ਪ੍ਰਸ਼ਾਸਨ ਨੂੰ ਸੌਂਪ ਦੇਣਗੇ।


rajwinder kaur

Content Editor

Related News